ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਕੀਤਾ ਜਾਵੇਗਾ : ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ
ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਲੇਰੀਆ ਦਿਵਸ ਤੇ ਅਧਾਰਿਤ ਪੇਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਇਕ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ
ਡਾ ਮਦਨ ਮੋਹਨ ਨੇ ਮਲੇਰੀਆ ਦਿਵਸ ਅਤੇ ਇਸ ਬਿਮਾਰੀ ਬਾਰੇ ਵਿਸਥਾਰ ਨਾਲ ਲੋਕਾਂ ਨੂੰ ਦਿੱਤੀ ਜਾਣਕਾਰੀ
ਅੰਮ੍ਰਿਤਸਰ 25 ਅਪ੍ਰੈਲ (ਰਾਜਿੰਦਰ ਧਾਨਿਕ) : ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਕੀਤਾ ਜਾਵੇਗਾ ਅਤੇ ਇਸ ਬਿਮਾਰੀ ਦੇ ਖਾਤਮੇ ਲਈ ਸਿਹਤ ਵਿਭਾਗ ਲਗਾਤਾਰ ਯਤਨ ਕਰ ਰਿਹਾ ਹੈ ਅਤੇ ਪਿਛਲੇ ਸਾਲ ਜਿਲੇ ਵਿੱਚ ਕੋਈ ਵੀ ਮਲੇਰੀਆ ਦਾ ਕੇਸ ਨਹੀਂ ਪਾਇਆ ਗਿਆ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਵਿਸ਼ਵ ਮਲੇਰੀਆ ਦਿਵਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਇਕ ਜ਼ਿਲਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ ਨੇ ਕੀਤਾ।
ਸ: ਹਰਭਜਨ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਦੀ ਮੁੱਖ ਤਰਜੀਹ ਸਿੱਖਿਆ ਅਤੇ ਸਿਹਤ ਹੈ। ਸਿਹਤ ਵਿਭਾਗ ਅੰਮਿ੍ਰਤਸਰ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਸਪਤਾਲ ਆਉਣ ਵਾਲੇ ਹਰ ਮਰੀਜ਼ ਨੂੰ ਵਧੀਆਂ ਸਿਹਤ ਸੇਵਾਵਾਂ ਦੇ ਨਾਲ ਨਾਲ ਓਹਨਾ ਪ੍ਰਤੀ ਪਿਆਰ ਅਤੇ ਹਲੀਮੀ ਵਾਲਾ ਰਵਈਆ ਜਰੂਰ ਅਪਣਾਉਣ ਲਈ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਅਪੀਲ ਕੀਤੀ, ਤਾਂਜੋ ਉਸ ਮਰੀਜ਼ ਦਾ ਦਵਾਈਆਂ ਦੇ ਨਾਲ ਨਾਲ ਸਹੀ ਜਾਣਕਾਰੀ ਅਤੇ ਹੋਂਸਲੇ ਨਾਲ ਮੁਕੰਮਲ ਇਲਾਜ ਕੀਤਾ ਜਾ ਸਕੇ। ਓਹਨਾ ਕਿਹਾ ਸਿਹਤ ਵਿਭਾਗ ਦੇ ਅਜਿਹੇ ਜਾਗਰੂਕਤਾ ਪ੍ਰੋਗਰਾਮ ਅਤਿ ਜਰੂਰੀ ਹਨ ਇਹਨਾਂ ਗਤੀਵਿਧੀਆਂ ਰਾਹੀਂ ਅਸੀਂ ਇਲਾਜ਼ ਨਾਲੋਂ ਪਰਹੇਜ ਚੰਗਾ ਵਾਲੀ ਗੱਲ ਨੂੰ ਸਾਰਥਕ ਕਰ ਸਕਦੇ ਹਨ। ਓਹਨਾ ਕਿਹਾ ਕਿ ਜਿਲਾ ਅੰਮਿ੍ਰਤਸਰ ਨੂੰ ਸਟੇਟ ਪੱਧਰੀ ਅਵਾਰਡ ਮਿਲਣਾ ਇਥੋਂ ਦੇ ਸਿਹਤ ਵਿਭਾਗ ਦੇ ਸਮੂਹ ਟੀਮ ਲਈ ਸ਼ਲਾਘਾਯੋਗ ਹੈ। ਓਹਨਾ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਜੇ ਥੋੜਾ ਸਮਾਂ ਹੋਇਆ ਹੈ ਅਤੇ ਲੋਕਾਂ ਦੇ ਮੁਤਾਬਿਕ ਇਕ ਤਬਦੀਲੀ ਨਜਰ ਆ ਰਹੀ ਹੈ, ਬਾਕੀ ਸਮੂਹ ਸਟਾਫ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਹਨ ਉਹ ਜਲਦੀ ਤੋਂ ਜਲਦੀ ਓਹਨਾ ਦੀ ਸਰਕਾਰ ਵਲੋਂ ਹੱਲ ਕੀਤਾ ਜਾਵੇਗਾ। ਓਹਨਾ ਸਮੂਹ ਸਟਾਫ ਨੂੰ ਇਹ ਅਪੀਲ ਕੀਤੀ ਕਿ ਆਪਣੇ ਆਪਣੇ ਕੰਮ ਦੇ ਪਤ੍ਰੀ ਪੂਰੀ ਇਮਾਨਦਾਰੀ ਦਿਖਾਉਣ।
ਇਸ ਮੌਕੇ ਸਿਵਲ ਸਰਜਨ ਅੰਮਿ੍ਰਤਸਰ ਡਾ ਚਰਨਜੀਤ ਸਿੰਘ ਨੇ ਮਲੇਰੀਆ ਬਿਮਾਰੀ ਦੇ ਪਿਛੋਕੜ ਬਾਰੇ ਗੱਲ ਕਰਦੇ ਕਿਹਾ ਕਿ ਸਿਹਤ ਵਿਭਾਗ ਅੰਮਿ੍ਰਤਸਰ ਮਲੇਰੀਆ ਵਿੰਗ ਨੇ ਪੁਰ ਜ਼ੋਰ ਕੋਸ਼ਿਸ਼ ਕੀਤੀ ਕਿ ਅੰਮਿ੍ਰਤਸਰ ਸ਼ਹਿਰ ਨੂੰ ਮਲੇਰੀਆ ਮੁਕਤ ਰੱਖਿਆ ਜਾਵੇ, ਜਿਸ ਲਈ ਸਿਹਤ ਵਿਭਾਗ ਦੀਆਂ ਸਮੂਹ ਟੀਮਾਂ ਕੰਮ ਕਰ ਰਹੀਆਂ ਹਨ। ਓਹਨਾ ਕਿਹਾ ਮੱਛਰ ਦੀਆਂ ਵੱਖ ਵੱਖ ਬਰੀਡਿੰਗ ਸਾਈਟ ਨੂੰ ਖਤਮ ਕਰਨ ਲਈ ਸਾਨੂ ਜਾਗਰੂਕ ਹੋਣ ਦੀ ਲੋੜ ਹੈ ਓਹਨਾ ਸਿਹਤ ਵਿਭਾਗ ਪਹਿਲਾ ਦੀ ਹੀ ਤਰਾਂ ਚੰਗਾ ਕੰਮ ਕਰਨ ਅਤੇ ਸਮੇਂ ਸਿਰ ਸ਼ੱਕੀ ਮਰੀਜਾਂ ਦੀ ਸਲਾਈਡਾਂ ਬਣਾਉਣ ਦੇ ਨਿਰਦੇਸ਼ ਦਿਤੇ, ਤਾਂਜੋ ਅੰਮਿ੍ਰਤਸਰ ਜ਼ਿਲੇ ਨੂੰ ਮੱਛਰ ਨਾਲ ਹੋਣ ਵਾਲਿਆਂ ਬਿਮਾਰੀਆਂ ਤੋਂ ਮੁਕਤ ਕੀਤਾ ਜਾ ਸਕੇ। ਇਸ ਮੌਕੇ ਜ਼ਿਲਾ ਐਪੀਡੈਮੋਲੋਜਿਸਟ ਡਾ ਮਦਨ ਮੋਹਨ ਨੇ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਾਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਖੜੇ ਸਾਫ ਪਾਣੀ ਵਿਚ ਪੈਦਾ ਹੁੰਦੇ ਹਨ, ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕਟਦੇ ਹਨ। ਓਹਨਾ ਕਿਹਾ ਮਲੇਰੀਆ ਬੁਖਾਰ ਦੇ ਮੁਖ ਲੱਛਣ ਹਨ, ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸ਼ਰੀਰ ਨੂੰ ਪਸੀਨਾ ਆਉਣਾ। ਓਹਨਾ ਦੱਸਿਆ ਮਲੇਰੀਆ ਬੁਖਾਰ ਦੇ ਬਚਾਓ ਲਈ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾਂ ਨਾ ਹੋਣ ਦਿਓ ਅਤੇ ਟੋਇਆਂ ਨੂੰ ਮਿੱਟੀ ਨਾਲ ਭਰ ਦਿਓ, ਪਿੰਡ ਦੇ ਛੱਪੜਾ ਵਿੱਚ ਖੜੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਓ ਕਰੋ, ਕੱਪੜੇ ਅਜਿਹੇ ਪਹਿਨੋ ਕਿ ਸ਼ਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕਟ ਸਕਣ। ਉਨਾਂ ਕਿਹਾ ਕਿ ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲਿਆਂ ਕਰੀਮ ਆਦਿ ਦਾ ਇਸਤੇਮਾਲ ਕਰ ਸਕਦੇ।
ਇਸ ਮੌਕੇ ਜ਼ਿਲਾ ਮਲੇਰੀਆ ਅਫ਼ਸਰ ਡਾ ਮਦਨ ਮੋਹਨ ਨੇ ਮਲੇਰੀਆ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਹਰ ਸ਼ੁਕਰਵਾਰ ਡ੍ਰਾਈ ਡੇ ਵਜੋਂ ਮਨਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਲੋਕਾਂ ਦੀ ਮਦਦ ਨਾਲ ਹੀ ਮਲੇਰੀਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ। ਇਸ ਮੌਕੇ ਵੱਖ ਵੱਖ ਸਕੂਲ ਦੇ ਵਿਦਿਆਰਥੀਆਂ ਵਲੋਂ ਪੇਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਇਹਨਾਂ ਪੇਟਿੰਗ ਦੀ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਮਲੇਰੀਆ ਬਾਰੇ ਜਾਗਰੂਕ ਕੀਤਾ। ਇਸ ਮੌਕੇ ਜਿਲੇ ਦੇ ਵੱਖ ਵੱਖ ਬਲਾਕਾਂ ਤੋਂ ਪਹੁੰਚੇ ਵਧੀਆਂ ਸੇਵਾਵਾਂ ਦੇਣ ਵਾਲੇ ਮਲਟੀ ਪਰਪ੍ਰਸ ਹੈਲਥ ਸੁਪਰਵਾਈਜ਼ਰ ਨੂੰ ਸਨਮਾਨ ਚਿੰਨ ਅਤੇ ਬਲਾਕ ਮਾਨਾਂਵਾਲਾ ਦੇ ਸਮੂਹ ਮੇਲ ਹੈਲਥ ਵਰਕਰ ਨੂੰ ਪ੍ਰਸ਼ੰਸਾ ਪੱਤਰ ਅਤੇ ਪੇਟਿੰਗ ਮੁਕਾਬਲਿਆਂ ਦੌਰਾਨ ਪਹਿਲੇ ਦੂਜੇ ਨੰਬਰ ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਸੁਮੀਤ ਸਿੰਘ ਵਲੋਂ ਸਮੂਹ ਆਏ ਹੋਏ ਮੁਖ ਮਹਿਮਾਨਾਂ ਸਮੇਤ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਸਨਮਾਨ ਚਿੰਨ ਵੰਡੇ ਗਏ। ਇਸ ਮੌਕੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਪਿੰਗਲਵਾੜਾ ਸੈਂਟਰ ਮਾਨਾਂਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ ਅਤੇ ਰਾਇਲ ਇੰਸਟੀਟਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਪੇਟਿੰਗ ਮੁਕਾਬਲਿਆਂ ਵਿਚ ਭਾਗ ਲਿਆ, ਜਿਸ ਵਿਚ ਅੰਜਲੀ,ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਪਿੰਗਲਵਾੜਾ ਸੈਂਟਰ ਮਾਨਾਂਵਾਲਾ ਨੇ ਪਹਿਲਾ ਸਥਾਨ, ਕਿਰਨਜੀਤ ਕੌਰ ਰਾਇਲ ਕਾਲਜ ਓਫ ਨਰਸਿੰਗ, ਧਾਰੜ ਨੇ ਦੂਸਰਾ ਸਥਾਨ ਅਤੇ ਸ਼ਾਲੂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਸ਼੍ਰੀ ਨਰੇਸ਼ ਪਾਠਕ, ਸਟੇਟ ਜੋਇੰਟ ਸੇਕ੍ਰੇਟਰੀ,ਆਮ ਆਦਮੀ ਪਾਰਟੀ ਮੈਡੀਕਲ ਅਫਸਰ ਡਾ ਸ਼ੁਭਪ੍ਰੀਤ ਸਿੰਘ, ਮੈਡੀਕਲ ਅਫਸਰ ਡਾ ਸਾਹਿਲ ਬਤਰਾ, ਡਾ ਰਜਨੀਸ਼ ਕੁਮਾਰ ਨੂੰ ਵਧੀਆਂ ਸੇਵਾਵਾਂ ਦੇਣ ਲਈ ਸਨਮਾਨ ਕੀਤਾ ਗਿਆ ਇਸ ਮੌਕੇ ਜ਼ਿਲਾ ਡਿਪਟੀ ਮਾਸ ਮੀਡਿਆ ਅਫਸਰ ਸ. ਅਮਰਦੀਪ ਸਿੰਘ, ਬਲਾਕ ਐਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਬਲਬੀਰ ਸਿੰਘ ਜੰਡ, ਡਾ ਰਿਚਾ ਵਰਮਾ, ਗੁਰਦੇਵ ਸਿੰਘ ਢਿੱਲੋਂ, ਰਾਮ ਮਹਿਤਾ, ਪਵਨ ਕੁਮਾਰ , ਤਰਲੋਕ ਸਿੰਘ, ਪਿ੍ਰਤਪਾਲ ਸਿੰਘ, ਬਲਜੀਤ ਸਿੰਘ ਐਸ.ਆਈ, ਅਜਮੇਰ ਸਿੰਘ, ਹਰਜਿੰਦਰਪਾਲ ਸਿੰਘ, ਹਰਜੀਤ ਸਿੰਘ, ਕੰਵਰਦੀਪ ਸਿੰਘ, ਬਲਜੀਤ ਸਿੰਘ ਝੀਤਾਂ ਕਲਾਂ ਸਮੇਤ ਸਮੂਹ ਮੇਲ ਵਰਕਰ, ਏ.ਐਨ,ਐਮ, ਅਤੇ ਸੀ.ਐਚ.ਓ ਹਾਜਰ ਸਨ।
ਕੈਪਸ਼ਨ : ਸ: ਹਰਭਜਨ ਸਿੰਘ ਕੈਬਨਿਟ ਮੰਤਰੀ ਪੰਜਾਬ ਵਿਸ਼ਵ ਮਲੇਰੀਆ ਦਿਵਸ ਮੌਕੇ ਵਧੀਆ ਪੇਟਿੰਗ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ।
ਸ: ਹਰਭਜਨ ਸਿੰਘ ਕੈਬਨਿਟ ਮੰਤਰੀ ਪੰਜਾਬ ਵਿਸ਼ਵ ਮਲੇਰੀਆ ਦਿਵਸ ਮੌਕੇ ਵਧੀਆ ਕੰਮ ਕਰਨ ਵਾਲੇ ਪੈਰਾਮੈਡੀਕਲ ਸਟਾਫ ਨੂੰ ਸਨਮਾਨਤ ਕਰਦੇ ਹੋਏ।
===–