ਭਾਰਤੀ ਜਨਤਾ ਪਾਰਟੀ ਦੇ 42ਵਾਂ ਸਥਾਪਨਾ ਦਿਵਸ 6 ਅਪ੍ਰੈਲ ’ਤੇ ਵਿਸ਼ੇਸ਼

0
28

ਦੋ ਸੰਸਦਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਗ ਦੇਸ਼ ਦੇ ਗੌਰਵ ਤਕ ਭਾਜਪਾ ਦਾ ਸ਼ਾਨਦਾਰ ਸਫ਼ਰ
ਅੰਮ੍ਰਿਤਸਰ 5 ਅਪ੍ਰੈਲ ( ਰਾਜਿੰਦਰ ਧਾਨਿਕ) : ਰਾਜਨੀਤੀ ਵਿਚ ਪਰਿਵਾਰਵਾਦ ਦਾ ਹਾਵੀ ਹੋਣਾ ਕਿਸੇ ਵੀ ਦੇਸ਼ ਦੀ ਸਿਆਸਤ ਨੂੰ ਬਰਬਾਦ ਕਰਨ ਦੇ ਇਕ ਨਿਸ਼ਚਿਤ ਮਾਰਗ ਵਜੋਂ ਦੇਖਿਆ ਜਾਂਦਾ ਹੈ। ਪਰ ਭਾਰਤ ਦੀ ਰਾਜਨੀਤੀ ਲਈ ਇਹ ਤਸੱਲੀ ਵਾਲੀ ਗਲ ਹੈ ਕਿ ਜਿੱਥੇ ਹੋਰਨਾਂ ਸਿਆਸੀ ਪਾਰਟੀਆਂ ਵਿਚ ਪਰਿਵਾਰਵਾਦ ਹਾਵੀ ਹੈ ਉੱਥੇ ਭਾਰਤੀ ਜਨਤਾ ਪਾਰਟੀ ’ਚ ਇਸ ਦੀ ਕੋਈ ਗੁੰਜਾਇਸ਼ ਨਹੀਂ। ਚਾਰ ਦਹਾਕੇ ਪਹਿਲਾਂ ਜਿਸ ਦੇ ਕੇਵਲ ਦੋ ਸੰਸਦਾਂ ਨੂੰ ਨੁਮਾਇੰਦਗੀ ਦਾ ਅਵਸਰ ਮਿਲਿਆ ਸੀ ਉੱਥੇ ਅੱਜ ਇਸ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਇਹ ਦੇਸ਼ ਦੀ ਨਾ ਕੇਵਲ ਸੇਵਾ ਕਰ ਰਹੀ ਹੈ , ਸਗੋਂ ਭਾਰਤ ਨੂੰ ਅੱਜ ਉਸ ਸ਼ਾਨਦਾਰ ਮੁਕਾਮ ’ਤੇ ਆਣ ਖੜ੍ਹਾ ਕੀਤਾ ਹੈ ਜਿੱਥੇ ਹਰ ਭਾਰਤੀ ਦਾ ਸਿਰ ਫ਼ਖਰ ਨਾਲ ਉੱਚਾ ਹੋ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਦੇ ਨੇਤਾ ਪ੍ਰੋ: ਸਰਚਾਂਦ ਸਿੰਘ ਖਿਆਲ  ਨੇ ਦਸਿਆ ਕਿ ਭਾਰਤੀ ਜਨਤਾ ਪਾਰਟੀ ( ਭਾਜਪਾ), ਜਿਸ ਦੀ ਸਥਾਪਨਾ ਹਿੰਦੂ ਰਾਸ਼ਟਰਵਾਦੀ ਸਵੈਸੇਵੀ ਸੰਗਠਨ, ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸਹਿਯੋਗ ਨਾਲ ਕੀਤੀ ਗਈ । ਇਸ ਲਈ ਹਿੰਦੂਤਵ ਪ੍ਰਤੀ ਭਾਜਪਾ ਦੀ ਵਚਨਬੱਧਤਾ ਨੂੰ ਬੇਸ਼ੱਕ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਫਿਰ ਵੀ ਮਾਨਵਵਾਦ ਤੇ ਰਾਸ਼ਟਰਵਾਦ ਭਾਜਪਾ ਦੀ ਵਿਚਾਰਧਾਰਾ ਦਾ ਅਨਿੱਖੜਵਾਂ ਹਿੱਸਾ ਰਿਹਾ ਹੈ। ਜਿਸ ਨੂੰ ਦੀਨਦਿਆਲ ਉਪਾਧਿਆਏ ਦੁਆਰਾ ਤਿਆਰ ਕੀਤਾ ਗਿਆ ਸੀ। ਪਾਰਟੀ ਦੇ ਅਨੁਸਾਰ, ਹਿੰਦੂਤਵ ਇੱਕ ਸਭਿਆਚਾਰਕ ਰਾਸ਼ਟਰਵਾਦ ਹੈ ਜੋ ਪੱਛਮੀਕਰਨ ਦੀ ਬਜਾਏ ਭਾਰਤੀ ਸਭਿਆਚਾਰ ਦਾ ਪੱਖ ਪੂਰਦਾ ਹੈ, ਇਸ ਤਰ੍ਹਾਂ ਇਹ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਭਾਰਤੀਆਂ ਤੱਕ ਫੈਲਿਆ ਹੋਇਆ ਹੈ। ਸਿਆਸੀ ਪੱਖ ਤੋਂ ਦੇਖਿਆ ਜਾਵੇ ਤਾਂ ਭਾਜਪਾ ਦਾ ਜਨਮ ਸ਼ਿਆਮ ਪ੍ਰਸਾਦ ਮੁਖਰਜੀ ਦੁਆਰਾ 1951 ਵਿੱਚ ਬਣਾਏ ਗਏ ਭਾਰਤੀ ਜਨ ਸੰਘ ਤੋਂ ਹੋਇਆ। ਜਨ ਸੰਘ ਦੀ ਪਹਿਲੀ ਵੱਡੀ ਮੁਹਿੰਮ, 1953 ਦੇ ਸ਼ੁਰੂ ਵਿੱਚ ਸ਼ੁਰੂ ਹੋਈ, ਜੋ ਜੰਮੂ ਅਤੇ ਕਸ਼ਮੀਰ ਦੇ ਭਾਰਤ ਵਿੱਚ ਪੂਰਨ ਏਕੀਕਰਨ ਦੀ ਮੰਗ ਉੱਤੇ ਕੇਂਦਰਿਤ ਸੀ। 1975 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ ਤਾਂ ਜਨ ਸੰਘ ਨੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ, ਜਿਸ ਦੇ ਹਜ਼ਾਰਾਂ ਮੈਂਬਰਾਂ ਨੂੰ ਦੇਸ਼ ਭਰ ਵਿੱਚ ਹੋਰ ਅੰਦੋਲਨਕਾਰੀਆਂ ਦੇ ਨਾਲ ਕੈਦ ਕੀਤਾ ਗਿਆ। 1977 ਵਿੱਚ ਐਮਰਜੈਂਸੀ ਤੋਂ ਬਾਅਦ, ਜਨ ਸੰਘ ਨੇ ਇੰਦਰਾ ਗਾਂਧੀ ਨੂੰ ਹਰਾਉਣ ਲਈ ਸਮਾਜਵਾਦੀ ਪਾਰਟੀ, ਕਾਂਗਰਸ (ਓ) ਅਤੇ ਭਾਰਤੀ ਲੋਕ ਦਲ ਸਮੇਤ ਹੋਰ ਸਿਆਸੀ ਪਾਰਟੀਆਂ ਨਾਲ ਰਲੇਵਾਂ ਕਰਦਿਆਂ ਜਨਤਾ ਪਾਰਟੀ ਬਣਾਈ । ਜਿਸ ਨੇ ਉਸ ਸਮੇਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਹਰਾਉਂਦਿਆਂ ਆਪ ਬਹੁਮਤ ਹਾਸਲ ਕੀਤਾ ਅਤੇ ਪ੍ਰਧਾਨ ਮੰਤਰੀ ਵਜੋਂ ਮੋਰਾਰਜੀ ਦੇਸਾਈ ਨਾਲ ਸਰਕਾਰ ਬਣਾਈ। ਸਾਬਕਾ ਜਨ ਸੰਘ ਨੇ 93 ਸੀਟਾਂ ਜਾਂ ਇਸ ਦੀ ਤਾਕਤ ਦਾ 31% ਦੇ ਨਾਲ ਜਨਤਾ ਪਾਰਟੀ ਦੇ ਸੰਸਦੀ ਦਲ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ। ਅਟੱਲ ਬਿਹਾਰੀ ਵਾਜਪਾਈ, ਜੋ ਪਹਿਲਾਂ ਜਨ ਸੰਘ ਦੇ ਆਗੂ ਸਨ, ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ । ਇਸੇ ਦੌਰਾਨ ਜਨਤਾ ਪਾਰਟੀ ਦੇ ਹੋਰ ਪ੍ਰਮੁੱਖ ਹਿੱਸਿਆਂ ਵੱਲੋਂ ਜਨ ਸੰਘ ਨੂੰ ਆਰਐਸਐਸ ਨਾਲੋਂ ਵੱਖ ਕਰਨ ਦੀ ਲੋਚਾ ਦੇ ਸਨਮੁੱਖ ਜਨ ਸੰਘ ਨੇ ਇਨਕਾਰ ਕਰ ਦਿੱਤਾ। ਤਿੰਨ ਸਾਲਾਂ ਦੀ ਸੱਤਾ ਵਿੱਚ ਰਹਿਣ ਉਪਰੰਤ 1980 ’ਚ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਪ੍ਰੀਸ਼ਦ ਨੇ ਇਸ ਦੇ ਮੈਂਬਰਾਂ ਨੂੰ ਪਾਰਟੀ ਅਤੇ ਆਰਐਸਐਸ ਦੇ ‘ਦੋਹਰੇ ਮੈਂਬਰ’ ਹੋਣ ‘ਤੇ ਪਾਬੰਦੀ ਲਗਾ ਦਿੱਤੀ ਤਾਂ ਜਵਾਬ ਵਿੱਚ, ਸਾਬਕਾ ਜਨ ਸੰਘ ਦੇ ਮੈਂਬਰਾਂ ਨੇ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ’ਚ ਇਸੇ ਸਾਲ 6 ਅਪ੍ਰੈਲ ਨੂੰ ਭਾਰਤੀ ਜਨਤਾ ਪਾਰਟੀ ਦੀ ਨੀਂਹ ਰੱਖੀ। ਹਾਲਾਂਕਿ ਸ਼ੁਰੂ ਵਿੱਚ ਇਸ ਨੂੰ ਅਸਫਲਤਾ ਦਾ ਮੂੰਹ ਦੇਖਣਾ ਪਿਆ। 1984 ਦੀਆਂ ਆਮ ਚੋਣਾਂ ਵਿੱਚ ਸਿਰਫ਼ ਦੋ ਸੀਟਾਂ ਹੀ ਹਾਸਲ ਕਰ ਸਕੀ। 1986 ’ਚ ਲਾਲ ਕਿਸ਼ਨ ਅਡਵਾਨੀ ਨੇ ਪਾਰਟੀ ਦੀ ਕਮਾਨ ਸੰਭਾਲੀ ਅਤੇ ਰਾਸ਼ਟਰਵਾਦ ਅਤੇ ਹਿੰਦੂਤਵ ਦੇ ਏਜੰਡੇ ਨਾਲ 1989 ਦੀ ਲੋਕ ਸਭਾ ਚੋਣਾਂ ’ਚ 85 ਸੀਟਾਂ ਦੀ ਜਿੱਤ ਦਰਜ ਕੀਤੀ। 1991 ’ਚ 120 ਸੀਟਾਂ , 1996 ’ਚ 161 ਸੀਟਾਂ ਜਿੱਤ ਕੇ ਸੰਸਦ ਵਿੱਚ ਸਭ ਤੋਂ ਵੱਡੀ ਪਾਰਟੀ ਬਣਨ ਤੋਂ ਬਾਅਦ ਸ੍ਰੀ ਵਾਜਪਾਈ ਦੀ ਅਗਵਾਈ ’ਚ ਪਹਿਲੀ ਵਾਰ ਭਾਜਪਾ ਨੇ ਸਰਕਾਰ ਬਣਾਈ ਬੇਸ਼ੱਕ ਇਹ 13 ਦਿਨ ਹੀ ਚੱਲ ਸਕੀ। ਇਸੇ ਤਰਾਂ 1998 ਦੀਆਂ ਆਮ ਚੋਣਾਂ ਤੋਂ ਬਾਅਦ, ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਰਾਸ਼ਟਰੀ ਜਮਹੂਰੀ ਗੱਠਜੋੜ (NDA) ਵਜੋਂ ਜਾਣੇ ਜਾਂਦੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੇ ਸਰਕਾਰ ਬਣਾਈ ਜੋ ਇੱਕ ਸਾਲ ਤੱਕ ਚੱਲੀ। 1999 ਦੀਆਂ ਚੋਣਾਂ ਤੋਂ ਬਾਅਦ, ਵਾਜਪਾਈ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਆਪਣੇ ਅਹੁਦੇ ‘ਤੇ ਪੂਰੀ ਮਿਆਦ ਚੱਲਣ ਵਾਲੀ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣੀ। 2004 ਦੀਆਂ ਆਮ ਚੋਣਾਂ ਵਿੱਚ, ਐਨਡੀਏ ਨੂੰ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ, ਅਤੇ ਅਗਲੇ ਦਸ ਸਾਲਾਂ ਲਈ ਭਾਜਪਾ ਮੁੱਖ ਵਿਰੋਧੀ ਧਿਰ ਰਹੀ। ਲੰਬੇ ਸਮੇਂ ਤੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ 2014 ਅਤੇ 2019 ਦੀਆਂ ਆਮ ਚੋਣਾਂ ਵਿੱਚ ਪਾਰਟੀ ਨੂੰ ਸ਼ਾਨਦਾਰ ਜਿੱਤਾਂ ਦਿਵਾਈਆਂ ਅਤੇ ਉਹ ਪ੍ਰਧਾਨ ਮੰਤਰੀ ਵਜੋਂ ਐਨਡੀਏ ਸਰਕਾਰ ਦੀ ਅਗਵਾਈ ਕਰ ਰਿਹਾ ਹੈ, ਜਿਸ ਦੀਆਂ ਅੱਜ ਡੇਢ ਦਰਜਨ ਤੋਂ ਵਧ ਰਾਜਾਂ ਵਿੱਚ ਸ਼ਾਸਨ ਹੈ। 90 ਦੇ ਦਹਾਕੇ ’ਚ ਭਾਜਪਾ ਦਾ ਗੌਰਵ ਬਣ ਕੇ ਸਾਹਮਣੇ ਆਏ ਨਰਿੰਦਰ ਮੋਦੀ ਇਕ ਕਰਮਸ਼ੀਲ, ਮਜ਼ਬੂਤ ਇਰਾਦੇ ਵਾਲੇ ਅਤੇ ਹਰਮਨ ਪਿਆਰੇ ਨੇਤਾ ਤੇ ਪ੍ਰਧਾਨ ਮੰਤਰੀ ਹਨ। ਉਹ ਕਿਸੇ ਵੀ ਫ਼ੈਸਲੇ ਸਮੇਂ ਨਾ ਡਰਿਆ ਨਾ ਘਬਰਾਇਆ । ਉਸ ਦੇ ਫ਼ੈਸਲਿਆਂ ਨੇ ਇਹ ਦਸ ਦਿੱਤਾ ਕਿ ਜੇ ਸਿਆਸੀ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਦੇਸ਼ ਦੀ ਦਸ਼ਾ ਅਤੇ ਦਿਸ਼ਾ ਕਿਵੇਂ ਬਦਲੀ ਜਾ ਸਕਦੀ ਹੈ। ਉਸ ਨੇ ਮੁਸਲਿਮ ਔਰਤਾਂ ਦੀ ਦਸ਼ਾ ਸੁਧਾਰਨ ਲਈ ’ਤਿੰਨ ਤਲਾਕ’ ’ਤੇ ਰੋਕ ਲਾਈ, ਨਾਗਰਿਕਤਾ ਸੋਧ ਐਕਟ ਪਾਸ ਕਰਦਿਆਂ ਪਾਕਿਸਤਾਨ ਅਫ਼ਗ਼ਾਨਿਸਤਾਨ ਅਤੇ ਹੋਰਨਾਂ ਮੁਸਲਿਮ ਦੇਸ਼ਾਂ ਵਿਚੋਂ ਹਿੰਦੂ, ਸਿੱਖ, ਬੋਧੀ, ਪਾਰਸੀ ਅਤੇ ਜੈਨੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਕਾਲਤ ਕੀਤੀ। ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਦਿਆਂ ਧਾਰਾ 370 ਅਤੇ ਧਾਰਾ 35 ਏ ਨੂੰ ਰੱਦ ਕਰ ਵਿਖਾਇਆ। ਕਿਸਾਨਾਂ ਵੱਲੋਂ ਅਣਚਾਹਿਆ ਖੇਤੀ ਕਾਨੂੰਨ ਰੱਦ ਕੀਤਾ। ਇਕ ਦੇਸ਼ ਇਕ ਪਾਲਿਸੀ ਤਹਿਤ ਜੀ ਐਸ ਟੀ ਲਾਗੂ ਕੀਤੀ। ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਸ ਰੱਖਣ ਵਾਲਾ ਭਾਰਤ ਅੱਜ ਮੁਕਾਬਲੇਬਾਜ਼ੀ ਨਾਲ ਵਿਸ਼ਵ ਦੀ ਅਰਥ ਵਿਵਸਥਾ ਨੂੰ ਡੂੰਘੇ ਤੌਰ ’ਤੇ ਪ੍ਰਭਾਵਿਤ ਕਰ ਰਿਹਾ ਹੈ। ਐਨਡੀਏ ਦੇ ਕਾਰਜਕਾਲ ਦੌਰਾਨ ਭਾਰਤ ਦੀ ਜੀਡੀਪੀ ਵਿਕਾਸ ਦਰ ਵਿੱਚ ਕਾਫੀ ਵਾਧਾ ਹੋਇਆ। ਕੇਂਦਰੀ ਯੋਜਨਾਵਾਂ ਗ਼ਰੀਬਾਂ ਦੇ ਦਰ ’ਤੇ ਨਿਰੰਤਰ ਪਹੁੰਚ ਰਹੀਆਂ ਹਨ। ਕਾਨੂੰਨ ਵਿਵਸਥਾ ਦੀ ਦਰੁਸਤੀ ਕਾਰਨ ਅੱਜ ਧੀਆਂ ਭੈਣਾਂ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਵਿਦੇਸ਼ ਨੀਤੀ ਦੀ ਸਫਲਤਾ ਦਾ ਪ੍ਰਮਾਣ ਹੈ ਕਿ ਅੱਜ ਭਾਰਤ ਸਾਰੇ ਦੇਸ਼ਾਂ ਨਾਲ ਚੰਗੇ ਸੰਬੰਧ ਹਨ। ਭਾਜਪਾ ਵਿਸ਼ਵੀਕਰਨ ਵੱਲ ਆਪਣਾ ਰੁੱਖ ਬਦਲ ਲਿਆ ਹੈ, ਇਸ ਦੇ ਤਰਜੀਹੀ ਖੇਤਰਾਂ ਵਿੱਚ ਵਿਦੇਸ਼ੀ ਨਿਵੇਸ਼ ਵਧਾਉਣਾ ਵੀ ਸ਼ਾਮਿਲ ਹੈ। ਅਫ਼ਗ਼ਾਨਿਸਤਾਨ ਦੀ ਭੁੱਖਮਰੀ ਦੂਰ ਕਰਨ ਲਈ ਇਸ ਵੱਲੋਂ 5 ਲੱਖ ਮੈਟ੍ਰਿਕ ਟਨ ਅਨਾਜ ਅਤੇ ਦਵਾਈਆਂ ਦਾ ਭੇਜਿਆ ਜਾਣਾ, ਮਨੁੱਖਤਾ ਦੇ ਸਹੀ ਅਰਥਾਂ ਵਿਚ ਸੇਵਾ ਹੀ ਤਾਂ ਹੈ। ਕਰੋਨਾ ਦੀ ਮਹਾਂਮਾਰੀ ਦੌਰਾਨ ਦੇਸ਼ ਦੀ ਸਰਕਾਰ, ਡਾਕਟਰ ਅਤੇ ਵਿਗਿਆਨੀਆਂ ਵੱਲੋਂ ਸਖ਼ਤ ਮਿਹਨਤ ਨਾਲ ਕੋਵਿਡ ’ਤੇ ਕਾਬੂ ਪਾਉਣ ਬਲਕਿ ਵੈਕਸੀਨ ਤਿਆਰ ਕਰਦਿਆਂ 1 ਅਰਬ ਲੋਕਾਂ ਨੂੰ ਇਸ ਦਾ ਸਫਲਤਾ ਪੂਰਵਕ ਖ਼ੁਰਾਕ ਦਿੱਤਾ ਜਾਣਾ ਵਿਸ਼ਵ ਨੂੰ ਹੈਰਾਨ ਕਰ ਰਿਹਾ ਹੈ। ਇੰਨਾ ਹੀ ਨੀਂ ਭਾਰਤ ਨੇ ਆਪਣੇ ਵੱਲੋਂ 98ਦੇਸ਼ਾਂ ਨੂੰ ਇਹ ਵੈਕਸੀਨ ਪਹੁੰਚਾਈ ਵੀ। ਰੱਖਿਆ ਦੇ ਖੇਤਰ ’ਚ ਦੇਸ਼ ਆਤਮ ਨਿਰਭਰਤਾ ਵਲ ਵਧ ਰਿਹਾ ਹੈ। ਪਿਛਲੇ ਕੁਝ ਸਾਲਾਂ ’ਚ ਭਾਰਤ 70 ਦੇਸ਼ਾਂ ਨੂੰ 38 ਹਜ਼ਾਰ ਕਰੋੜ ਰੁਪਏ ਦਾ ਰੱਖਿਆ ਸਮਾਨ ਬਰਾਮਦ ਕਰਦਿਆਂ ਉਨ੍ਹਾਂ ਬਰਾਮਦ ਵਾਲੇ 25 ਸਿਖਰਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹੋ ਚੁੱਕਿਆ ਹੈ। ਕਾਂਗਰਸ ਦੇ ਮੁਕਾਬਲੇ, ਭਾਜਪਾ ਰੱਖਿਆ ਨੀਤੀ ਅਤੇ ਅੱਤਵਾਦ ‘ਤੇ ਵਧੇਰੇ ਹਮਲਾਵਰ ਅਤੇ ਰਾਸ਼ਟਰਵਾਦੀ ਰੁੱਖ ਅਪਣਾਉਂਦੀ ਹੈ। ਵਾਜਪਾਈ ਦੀ ਅਗਵਾਈ ’ਚ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਕੀਤੇ ਅਤੇ ਅੱਤਵਾਦ ਰੋਕੂ ਕਾਨੂੰਨ ਲਾਗੂ ਕੀਤਾ। ਮੋਦੀ ਸਰਕਾਰ ਨੇ ਅੱਤਵਾਦ ਵਿਰੋਧੀ ਆਧਾਰ ‘ਤੇ ਗੁਆਂਢੀ ਦੇਸ਼ਾਂ ਜਿਵੇਂ ਕਿ ਮਿਆਂਮਾਰ ਵਿੱਚ ਵੜ ਕੇ ਨਾਗਾਲੈਂਡ ਦੇ ਅਤਿਵਾਦੀਆਂ ਵਿਰੁੱਧ, ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਵਿੱਚ ਵੜ ਕੇ ਸਰਜੀਕਲ ਸਟ੍ਰੈਕ ਅਤੇ ਚੀਨ ਨਾਲ ਡੋਕਲਾਮ ਅੜਿੱਕੇ ਦੌਰਾਨ ਭੂਟਾਨ ਦੀ ਰੱਖਿਆ ਵਿੱਚ ਫੌਜੀ ਦਖ਼ਲਅੰਦਾਜ਼ੀ ਕਰਦਿਆਂ ਭਾਰਤੀਆਂ ਦਾ ਸੀਨਾ ਚੌੜਾ ਕੀਤਾ। ਇਕ ਨੇਤਾ ਨਾ ਸਿਰਫ਼ ਇਕ ਕਮਾਂਡਰ, ਸਗੋਂ ਸੁਪਨੇ ਦੇਖਣ ਵਾਲਾ ਅਤੇ ਵਿਚਾਰਕ ਵੀ ਹੁੰਦਾ ਹੈ। ਦੇਸ਼ ਨੂੰ ਉੱਚੇ ਮੁਕਾਮ ’ਤੇ ਅੜਿਆ ਦੇਖਣ ਨੂੰ ਲੋਚਦਾ ਨਰਿੰਦਰ ਮੋਦੀ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ’ਸਭ ਦਾ ਸਾਥ ਸਭ ਦਾ ਵਿਕਾਸ’ ਦੇ ਮੰਤਵ ਨਾਲ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਹਨ, ਨੌਜਵਾਨ ਹੀ ਦੇਸ਼ ਦਾ ਭਵਿੱਖ ਹੈ। ਉਹ ਨੌਜਵਾਨ ਸ਼ਕਤੀ ਦੀ ਉਸਾਰੂ ਊਰਜਾ ਤੋਂ ਭਲੀ ਭਾਂਤ ਵਾਕਿਫ ਹਨ, ਉਹ ਨਸ਼ਿਆਂ ਦੇ ਫੈਲਾਅ ਨੂੰ ਰੋਕਣ ਤੋਂ ਇਲਾਵਾ ਵਿਦੇਸ਼ ਨੂੰ ਪਲਾਇਣ ਕਰ ਰਹੀ ਨੌਜਵਾਨੀ ਦੀ ਊਰਜਾ ਨੂੰ ਦੇਸ਼ ਹਿਤ ’ਚ ਦੇਸ਼ ਦੇ ਨਵ ਨਿਰਮਾਣ ਲਈ ਖਪਤ ਕਰਨਾ ਚਾਹੁੰਦੇ ਹਨ। ਉਸ ਦਾ ਯਕੀਨ ਹੈ ਕਿ ਨੌਜਵਾਨਾਂ ਦੀ ਉਸਾਰੂ ਸ਼ਕਤੀ ਤੇ ਸਹਿਯੋਗ ਹੀ ਵਿਕਸਤ ਦੇਸ਼ਾਂ ਨੂੰ ਪਛਾੜ ਸਕਦਾ ਹੈ ਅਤੇ ਦੇਸ਼ ਦੀ ਮਜ਼ਬੂਤੀ ਇੱਕਜੁੱਟਤਾ ਵਿਚ ਹੈ। ਅੱਜ ਪੂਰਾ ਦੇਸ਼ ਭਾਜਪਾ ਦਾ 42 ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾ ਰਿਹਾ ਹੈ।

NO COMMENTS

LEAVE A REPLY