ਅੰਮ੍ਰਿਤਸਰ 25 ਫਰਵਰੀ (ਪਵਿੱਤਰ ਜੋਤ) : ਮਾਨਯੋਗ ਕਮਿਸ਼ਨਰ ਜੀ ਦੀਆਂ ਹਦਾਇਤਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਪੁਰਾਣੀ ਸਬਜੀ ਮੰਡੀ, ਬਾਹਰਵਾਰ ਹਾਲ ਗੇਟ ਵਿਖੇ ਨਜਾਇਜ ਤੌਰ ਤੇ ਬੱਸਾਂ ਦੀ ਚੱਲ ਰਹੀ ਪਾਰਕਿੰਗ ਨੂੰ ਰੋਕਿਆ ਗਿਆ ਅਤੇ ਇਸਦੇ ਨਾਲ ਬੱਸਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਨਗਰ ਨਿਗਮ ਨੂੰ ਪਾਰਕਿੰਗ ਫੀਸ ਦਿੱਤੇ ਬਿਨਾਂ ਕੋਈ ਵੀ ਬੱਸ ਇਸ ਜਗਾਂ ਤੇ ਪਾਰਕ ਨਹੀਂ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਵਿਭਾਗ ਵੱਲੋਂ ਕਵੀਨਜ ਰੋਡ, ਕ੍ਰਿਸਟਲ ਚੌਂਕ, ਹਾਲ ਗੇਟ, ਆਦਿ ਦੇ ਇਲਾਕਿਆਂ ਵਿੱਚ ਜਿੰਨਾਂ ਦੁਕਾਨਾਦਾਰਾਂ/ਵਿਅਕਤੀਆਂ ਵੱਲੋਂ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਬਾਹਰ/ਬਰਾਂਡਿਆਂ/ਫੁੱਟਪਾਥ/ਸੜਕ ਉਪਰ ਰੱਖ ਕੇ ਨਜਾਇਜ ਆਰਜੀ ਕਬਜੇ ਕੀਤੇ ਹੋਏ ਸਨ, ਇਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਅਤੇ ਇਹਨਾਂ ਦਾ ਸਮਾਨ ਜਬਤ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਜਮਾਂ ਕਰਵਾ ਦਿੱਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਦੁਬਾਰਾ ਉਕਤ ਜਗਾਂ ਤੇ ਸਮਾਨ ਰੱਖ ਕੇ ਨਜਾਇਜ ਆਰਜੀ ਕਬਜੇ ਨਾ ਕੀਤੇ ਜਾਣ।
ਇਸਦੇ ਨਾਲ ਹੀ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਿੱਚ ਸਰਕਾਰੀ ਜਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਜਮੀਨ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਸਮਾਨ ਰੱਖ ਕੇ ਨਜਾਇਜ ਕਬਜਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ, ਰਾਕੇਸ਼ ਦੇਵਗਨ, ਸੁਰਿੰਦਰ ਕੁਮਾਰ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਸ਼ਾਮਿਲ ਸਨ।