ਡਿਊਟੀ ਤੇ ਗੈਰਹਾਜ਼ਰ ਰਹਿਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ
ਚੋਣ ਉਲੰਘਣਾ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ
ਅੰਮ੍ਰਿਤਸਰ 3 ਫਰਵਰੀ (ਰਾਜਿੰਦਰ ਧਾਨਿਕ ) : ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਅੱਜ ਨਗਰ ਨਿਗਮ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਸ੍ਰੀ ਅਰਵਿੰਦਰ ਸ਼ਰਮਾ ਚੋਣ ਨਿਗਰਾਨ ਖਰਚਾ ਹਲਕਾ ਦੱਖਣੀ ਵਲੋਂ ਐਸ.ਐਸ.ਟੀ., ਵੀ.ਐਸ.ਟੀ., ਫਲਾਇੰਗ ਸਕੂਐਡ ਟੀਮਾਂ, ਖਰਚਾ ਟੀਮਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਚੋਣ ਨਿਗਰਾਨ ਖਰਚਾ ਸ੍ਰੀ ਅਰਵਿੰਦਰ ਸ਼ਰਮਾ ਨੇ ਸਮੂਹ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਆਪਸੀ ਤਾਲਮੇਲ ਨਾਲ ਕੰਮ ਕਰਨ।
ਸ੍ਰੀ ਸ਼ਰਮਾ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਕਰਮਚਾਰੀ ਆਪਣੀ ਡਿਊਟੀ ਤੋਂ ਗੈਰਹਾਜ਼ਰ ਨਾ ਰਹੇ ਅਤੇ ਗੈਰਹਾਜ਼ਰ ਪਾਏ ਜਾਣ ਵਾਲੇ ਕਰਮਚਾਰੀਆਂ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਇਹ ਯਕੀਨ ਕੀਤਾ ਜਾਵੇ ਕਿ ਵਿਗਿਆਪਣਾਂ/ਬੈਨਰਜ਼/ਪੈਂਫਲਟ ਦਾ ਖਰਚਾ ਜ਼ਰੂਰ ਬੁੱਕ ਕਰਵਾਇਆ ਜਾਵੇ ਅਤੇ ਕੋਈ ਵੀ ਪ੍ਰਿਟਿੰਗ ਪ੍ਰੈਸ ਵਲੋਂ ਪ੍ਰਿੰਟ ਹੋਏ ਵਿਗਿਆਪਨ ਤੇ ਪ੍ਰਿੰਟਰ, ਪਬਲਿਸ਼ਰਜ਼ ਦਾ ਨਾਂ ਜ਼ਰੂਰ ਪ੍ਰਕਾਸ਼ਿਤ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਸਬੰਧੀ ਪੂਰਵ ਪ੍ਰਗਾਨਗੀ ਮੀਡੀਆ ਸਰਟੀਫਿਕੇਸ਼ਨ ਅਤੇ ਮੀਡੀਆ ਮੋਨੀਟਰਿੰਗ ਕਮੇਟੀ ਵਲੋਂ ਜ਼ਰੂਰ ਲਈ ਜਾਵੇ।
ਚੋਣ ਨਿਗਰਾਨ ਖਰਚਾ ਨੇ ਫਲਾਇੰਗ ਸਕੂਐਡ ਟੀਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਉਮੀਦਵਾਰ ਵੋਟਰਾਂ ਨੂੰ ਲਾਲਚ ਨਾ ਦੇ ਸਕੇ। ਉਨਾਂ ਕਿਹਾ ਕਿ ਐਫ.ਐਸ.ਟੀ. ਅਤੇ ਐਸ.ਐਸ. ਟੀ. ਟੀਮਾਂ ਵਲੋਂ ਪੁਲਿਸ ਅਤੇ ਐਕਸਾਈਜ਼ ਵਿਭਾਗ ਨਾਲ ਆਪਣਾ ਤਾਲਮੇਲ ਜ਼ਰੂਰ ਰੱਖਿਆ ਜਾਵੇ ਅਤੇ ਲੋੜ ਪੈਣ ਤੇ ਤੁਰੰਤ ਇਸਦੀ ਸੂਚਨਾ ਅਧਿਕਾਰੀ ਦਿੱਤੀ ਜਾਵੇ। ਸ੍ਰੀ ਸ਼ਰਮਾ ਨੇ ਖਰਚਾ ਟੀਮਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਮੀਦਵਾਰਾਂ ਦੇ ਖਰਚੇ ਦਾ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਟੀਮ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਟੀਮ ਜਦੋਂ ਮਰਜੀ ਚਾਹੇ ਦਿਨ ਹੋਵੇ ਜਾਂ ਰਾਤ ਉਨਾਂ ਨਾਲ ਮੋਬਾਇਲ ਫੋਨ ਤੇ ਸੰਪਰਕ ਕਰ ਸਕਦੀ ਹੈ।
ਚੋਣ ਨਿਗਰਾਨ ਖਰਚਾ ਨੇ ਫਲਾਇੰਗ ਸਕੂਐਡ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਰਾਤ ਵੇਲੇ ਵੱਧ ਤੋਂ ਵੱਧ ਨਾਕੇ ਅਤੇ ਬੈਰੀਕੇਟ ਲਗਾ ਕੇ ਮੋਟਰ ਵਹੀਕਲਾਂ ਦੀ ਚੈਕਿੰਗ ਕਰਨ। ਉਨਾਂ ਕਿਹਾ ਕਿ ਉਨ੍ਹਾਂ ਵਲੋਂ ਖੁਦ ਵੀ ਰਾਤ ਵੇਲੇ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਕੰਮ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਮਨਸ਼ਾਂਤੀ ਨਾਲ ਚੋਣਾ ਨੂੰ ਕਰਵਾਉਣ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਜਾਇੰਟ ਕਮਿਸ਼ਨਰ ਨਗਰ ਨਿਗਮ ਸ: ਹਰਦੀਪ ਸਿੰਘ, ਏ.ਸੀ.ਪੀ. ਸ: ਰਵਿੰਦਰ ਸਿੰਘ ਤੋਂ ਇਲਾਵਾ ਸਾਰੀਆਂ ਟੀਮਾਂ ਦੇ ਅਧਿਕਾਰੀ /ਕਰਮਚਾਰੀ ਹਾਜ਼ਰ ਸਨ।