ਘੱਗਰ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ, ਲੋਕ ਰਹਿਣ ਚੌਕਸ : ਐੱਸ.ਐੱਸ.ਪੀ

0
12

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਘੱਗਰ ਨਦੀ ਦਾ ਪਾਣੀ ਪੱਧਰ ਵਧਣ ਨਾਲ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਕਮਰ ਕਸ ਲਈ ਹੈ। ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨੇ ਚਾਂਦਪੁਰਾ ਬੰਨ੍ਹ ਦੀ ਚੌਕਸੀ ਹੋਰ ਵਧਾ ਦਿੱਤੀ ਹੈ। ਜਦਕਿ ਹਲੇ ਤੱਕ ਘੱਗਰ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਪਰ ਸੂਬੇ ਵਿੱਚ ਨਹਿਰਾਂ, ਨਦੀਆਂ ਦੇ ਪਾਣੀ ਦਾ ਪੱਧਰ ਚੜ੍ਹਣ ਦੇ ਮੱਦੇਨਜਰ ਘੱਗਰ ਨਦੀ ਦੇ ਪਾਣੀ ਦੇ ਚੜ੍ਹਣ ਦਾ ਵੀ ਭੈਅ ਬਣਿਆ ਹੋਇਆ ਹੈ। ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ: ਨਾਨਕ ਸਿੰਘ ਆਈ.ਪੀ.ਐੱਸ ਨੇ ਆਪਣੀ ਪੁਲਿਸ ਟੀਮ ਸਮੇਤ ਘੱਗਰ ਨਦੀ ਦੇ ਚਾਂਦਪੁਰਾ ਬੰਨ੍ਹ ਤੇ ਜਾਇਜਾ ਲਿਆ ਅਤੇ ਅਗਾਊਂ ਪ੍ਰਬੰਧ ਹੋਣ ਦਾ ਦਾਅਵਾ ਕੀਤਾ। ਐੱਸ.ਐੱਸ.ਪੀ ਨੇ ਚਾਂਦਪੁਰਾ ਬੰਨ੍ਹ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਮੌਕੇ ਤੇ ਹੱਲ ਵੀ ਕੀਤੀਆਂ। ਐੱਸ.ਐੱਸ.ਪੀ ਨੇ ਕਿਹਾ ਕਿ ਘੱਗਰ ਦਾ ਪਾਣੀ ਲਗਾਤਾਰ ਚੱਲ ਰਿਹਾ ਹੈ। ਪਰ ਹਾਲ ਦੀ ਘੜੀ ਖਤਰੇ ਵਾਲੇ ਨਿਸ਼ਾਨ ਤੋਂ ਹੇਠਾਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ 24 ਘੰਟੇ ਹਰ ਤਰ੍ਹਾਂ ਦੀ ਮਦਦ ਲਈ ਤਤਪਰ ਹੈ। ਪੁਲਿਸ ਵੱਲੋਂ ਚੌਕਸੀ ਵੀ ਵਧਾਈ ਗਈ ਹੈ ਅਤੇ ਉਹ ਵੀ ਹਰ ਦਿਨ ਚਾਂਦਪੁਰਾ ਬੰਨ੍ਹ ਦਾ ਜਾਇਜਾ ਲੈ ਰਹੇ ਹਨ। ਇਸ ਮੌਕੇ ਡੀ.ਐੱਸ.ਪੀ ਪ੍ਰਿਤਪਾਲ ਸਿੰਘ, ਥਾਣਾ ਬਰੇਟਾ ਦੇ ਮੁੱਖੀ ਬੂਟਾ ਸਿੰਘ, ਚੋਂਕੀ ਇੰਚਾਰਜ ਭੁਪਿੰਦਰ ਸਿੰਘ, ਬੀ.ਡੀ.ਪੀ.ਓ ਸੁਖਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS

LEAVE A REPLY