ਨਗਰ ਸੁਧਾਰ ਸਭਾ ਨੇ ਪੀ.ਐਨ.ਬੀ.ਰੋਡ ਨੂੰ ਚੌੜਾ ਕਰਨ ਦੇ ਮਾਮਲੇ ‘ਤੇ ਅੱਜ ਸੱਦੀ ਸ਼ਹਿਰ ਦੀ ਮਹਾਂ ਪੰਚਾਇਤ

0
22

 

ਹਲਕੇ ਦੇ ਵਿਧਾਇਕ , ਨਗਰ ਕੌਂਸਲ ਦੇ ਪ੍ਰਧਾਨ , ਕੌਂਸਲਰਾਂ , ਬੁੱਧੀਜੀਵੀਆਂ ਆਦਿ ਨੂੰ ਸ਼ਾਮਲ ਹੋਣ ਲਈ ਦਿੱਤਾ ਖੁੱਲਾ ਸੱਦਾ

ਬੁਢਲਾਡਾ – 25 ਅਪ੍ਰੈਲ – (ਦਵਿੰਦਰ ਸਿੰਘ ਕੋਹਲੀ) – ਸ਼ਹਿਰ ਦੀ ਸ਼ੰਘਰਸ਼ਸੀਲ ਸੰਸਥਾ ਨਗਰ ਸੁਧਾਰ ਸਭਾ ਨੇ ਸ਼ਹਿਰ ਦੀ ਪੀ.ਐਨ.ਬੀ. ਰੋਡ ਉੱਪਰ ਨਜਾਇਜ ਉਸਾਰੀਆਂ ਨੂੰ ਹਟਾ ਕੇ ਚੌੜਾ ਨਾ ਕਰਨ ਦੇ ਮਾਮਲੇ ‘ਤੇ 26 ਅਪਰੈਲ ਬੁੱਧਵਾਰ ਨੂੰ ਰਾਮਲੀਲਾ ਗਰਾਊਂਡ ਬੁਢਲਾਡਾ ਵਿਖੇ ਸ਼ਾਮ ਦੇ 6 ਵਜੇ ਮਹਾਂ ਪੰਚਾਇਤ ਸੱਦੀ ਹੈ। ਨਗਰ ਸੁਧਾਰ ਸਭਾ ਦੇ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪ੍ਰੇਮ ਸਿੰਘ ਦੋਦੜਾ , ਮਾ.ਰਘੁਨਾਥ ਸਿੰਗਲਾ ਅਤੇ ਸੱਤਪਾਲ ਸਿੰਘ ਕਟੌਦੀਆ ਨੇ ਸ਼ਹਿਰ ਨਿਵਾਸੀਆਂ ਸਮੇਤ ਹਲਕੇ ਦੇ ਐਮ.ਐਲ.ਏ.ਸਾਹਿਬ , ਨਗਰ ਕੌਂਸਲ ਦੇ ਪ੍ਰਧਾਨ , ਸਾਰੇ ਐਮ.ਸੀ.ਸਾਹਿਬਾਨਾਂ , ਵੱਖ-ਵੱਖ ਸਿਆਸੀ ਪਾਰਟੀਆਂ , ਸਮਾਜਿਕ , ਵਪਾਰਕ ਸੰਸਥਾਵਾਂ , ਕਿਸਾਨ ਯੂਨੀਅਨਾਂ , ਬੁੱਧੀਜੀਵੀਆਂ ਆਦਿ ਨੂੰ ਖੁੱਲਾ ਸੱਦਾ ਦਿੰਦਿਆਂ ਅਪੀਲ ਕੀਤੀ ਹੈ ਕਿ ਉਹ ਇਸ ਮਹਾਂ ਪੰਚਾਇਤ ਵਿੱਚ ਪਹੁੰਚਣ। ਆਗੂਆਂ ਨੇ ਦੱਸਿਆ ਕਿ ਉਕਤ ਪੀ.ਐਨ.ਬੀ. ਰੋਡ ਦੇ ਸਬੰਧਤ ਮਾਲਕਾਂ ਨੂੰ ਨਗਰ ਕੌਂਸਲ ਬੁਢਲਾਡਾ ਨੇ ਨੋਟਿਸ ਵੀ ਭੇਜੇ ਹੋਏ ਹਨ ਅਤੇ ਕਿਹਾ ਗਿਆ ਹੈ ਕਿ ਬੁਢਲਾਡਾ ਸ਼ਹਿਰ ਦੇ 1937 ਦੇ ਨਕਸ਼ੇ ਮੁਤਾਬਕ ਇਸ ਰੋਡ ਨੂੰ ਚੌੜਾ ਕੀਤਾ ਜਾਵੇਗਾ ਪਰ ਬਾਵਜੂਦ ਇਸਦੇ ਉਕਤ ਰੋਡ ਨੂੰ ਚੌੜਾ ਨਹੀਂ ਕੀਤਾ ਜਾ ਰਿਹਾ ਸਗੋਂ ਨਿਕਾਸੀ ਪਾਣੀ ਲਈ ਨਾਲੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਪਾਇਪਾਂ ਦੱਬੀਆ ਜਾ ਰਹੀਆਂ ਹਨ। ਸ਼ਹਿਰ ਵਿੱਚ ਆਮ ਚਰਚਾ ਹੈ ਕਿ ਸੱਤਾਧਾਰੀ ਧਿਰ ਦੇ ਦਬਾਅ ਸਦਕਾ ਨਜਾਇਜ਼ ਉਸਾਰੀਆਂ ਨੂੰ ਢਾਹਿਆ ਨਹੀਂ ਜਾ ਰਿਹਾ। ਨਗਰ ਸੁਧਾਰ ਸਭਾ ਦੇ ਆਗੂਆਂ ਨੇ ਕਿਹਾ ਅਜਿਹਾ ਪੱਖਪਾਤ ਸਹਿਣ ਨਹੀਂ ਕੀਤਾ ਜਾਵੇਗਾ। ਪਿਛਲੇ ਸਮੇਂ ਵਿੱਚ ਰੇਲਵੇ ਰੋਡ ਅਤੇ ਸ਼ਹਿਰ ਦੀਆਂ ਬਾਕੀ ਗਲੀਆਂ-ਸੜਕਾਂ ‘ਤੇ ਨਜਾਇਜ਼ ਕਬਜ਼ੇ ਅਤੇ ਨਜਾਇਜ਼ ਉਸਾਰੀਆਂ ਬਿਨਾਂ ਪੱਖਪਾਤ ਹਟਾਏ ਗਏ ਹਨ। ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ-ਭਾਗ ਵਿੱਚ ਉਕਤ ਰੋਡ ‘ਤੇ ਸਬੰਧਤ ਮਾਲਕਾਂ-ਦੁਕਾਨਦਾਰਾਂ ਨੂੰ ਕੌਂਸਲ ਦੁਆਰਾ ਨੋਟਿਸ ਕੱਢੇ ਜਾਣ ਦੇ ਬਾਵਜੂਦ ਕਾਰਵਾਈ ਅਮਲ ਵਿੱਚ ਨਹੀਂ ਆ ਰਹੀ ਜਿਸ ਕਾਰਨ ਕੲੀ ਕਿਸਮ ਦੇ ਸੰਕੇ ਖੜੇ ਹੁੰਦੇ ਹਨ। ਆਗੂਆਂ ਨੇ ਕਿਹਾ ਕਿ ਇਸ ਮਹਾਂ ਪੰਚਾਇਤ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਸਮੁੱਚੇ ਸਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਪੂਰਾ ਸਾਥ ਅਤੇ ਸਹਿਯੋਗ ਦੇਣ। ਮਹਾਂ ਪੰਚਾਇਤ ਵਿੱਚ ਵਧ ਚੜਕੇ ਪਹੁੰਚਣ। ਇਸ ਮੌਕੇ ‘ਤੇ ਹਰਦਿਆਲ ਸਿੰਘ ਦਾਤੇਵਾਸ , ਸੋਨੂੰ ਕੋਹਲੀ , ਜਰਨੈਲ ਸਿੰਘ ਮਿਸਤਰੀ , ਗਗਨ ਦਾਸ ਵੈਰਾਗੀ ਆਦਿ ਵੀ ਮੌਜੂਦ ਸਨ ।

NO COMMENTS

LEAVE A REPLY