ਬੁਢਲਾਡਾ, 22 ਦਸੰਬਰ (ਦਵਿੰਦਰ ਸਿੰਘ ਕੋਹਲੀ)-ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਅਸ਼ਵਨੀ ਕੁਮਾਰ ਸਿਵਲ ਸਰਜਨ ਅਤੇ ਡਾ ਰਣਜੀਤ ਸਿੰਘ ਰਾਏ ਦੀ ਅਗਵਾਈ ਵਿਚ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ ਗੁਰਚੇਤਨ ਪ੍ਰਕਾਸ਼ ਦੀ ਰਹਿਨੁਮਈ ਹੇਠ ਬਲਾਕ ਬੁਢਲਾਡਾ ਵਿੱਚ ਗੁਣਵੱਤਾਪੂਰਨ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਬਿਮਾਰੀਆਂ ਦੇ ਖਾਤਮੇ ਲਈ ਸੁਹਿਰਦ ਹੋਏ ਸਿਹਤ ਬਲਾਕ ਬੁਢਲਾਡਾ ਵੱਲੋਂ ਜਿੱਥੇ ਸਰਕਾਰੀ ਹਸਪਤਾਲਾਂ ਵਿਚ ਮਾਹਿਰਾਂ ਡਾਕਟਰਾਂ ਰਾਹੀਂ ਲੋਕਾਂ ਦੀਆਂ ਬਿਮਾਰੀਆਂ ਨੂੰ ਜੜੋਂ ਪੁੱਟਣ ਦਾ ਕਾਰਜ ਕੀਤਾ ਜਾ ਰਿਹਾ ਹੈ, ਉਥੇ ਲੋੜ ਅਨੁਸਾਰ ਘਰੋ-ਘਰੀ,ਸਕੂਲਾਂ ਅਤੇ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੁਣ ਜਾਗਰੂਕਤਾ ਸੈਮੀਨਾਰ ਵੀ ਲਗਾਏ ਜਾ ਰਹੇ ਹਨ ਤਾਂ ਜੇ ਆਮ ਲੋਕ ਤੰਦਰੁਸਤ ਜ਼ਿੰਦਗੀ ਜਿਉਣ । ਇਸੇ ਲੜੀ ਵਿੱਚ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਸ਼੍ਰੀ ਹਰਬੰਸ ਮੱਤੀ ਬੀ.ਈ.ਈ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਵੱਲੋਂ ਬੁਢਲਾਡਾ ਵਿਖੇ ਚੰਗੀ ਸਿਹਤ ਲਈ ਜਾਗਰੂਕਤਾ ਸੈਮੀਨਰ ਕਰਕੇ ਪ੍ਰੇਰਿਤ ਕੀਤਾ। ਹਰਬੰਸ ਮੱਤੀ ਬੀ.ਈ.ਈ. ਵੱਲੋਂ ਜਾਗਰੂਕਤਾ ਸੈਮੀਨਰ ਵਿਚ ਆਏ ਸਾਰੇ ਹਾਜਰੀਨ ਨੂੰ ਜੀ ਆਇਆ ਕਿਹਾ ਗਿਆ। ਹਰਬੰਸ ਮੱਤੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੰਦਰੁਸਤ ਸਿਹਤ ਪਾਉਣ ਲਈ ਆਪਣੀ ਸਿਹਤ ਸਬੰਧੀ ਸਿੱਖਿਅਕ ਤੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਹਰਬੰਸ ਲਾਲ ਬੀਈਈ ਨੇ ਦੱਸਿਆ ਕਿ ਜੇਕਰ ਤੁਹਾਡੇ ਕੋਲ ਚੰਗੀ ਸਿਹਤ ਨਾ ਹੋਵੇ ਤਾਂ ਜ਼ਿੰਦਗੀ ਦਾ ਅਰਥ ਖ਼ਤਮ ਹੋ ਜਾਂਦਾ ਹੈ। ਨਾ ਤੁਸੀਂ ਭੋਜਨ ਅਤੇ ਨਾ ਹੀ ਦੁਨੀਆਂ ਦਾ ਆਨੰਦ ਮਾਣ ਸਕਦੇ ਹੋ। ਇਕ ਸਿਹਤਮੰਦ ਵਿਅਕਤੀ ਕਿਸੇ ਵੀ ਅਮੀਰ ਪਰ ਅਸਵਸਥ ਵਿਅਕਤੀ ਤੋਂ ਜ਼ਿਆਦਾ ਖ਼ੁਸ਼ਹਾਲ ਅਤੇ ਸ਼ਾਂਤਮਈ ਜੀਵਨ ਬਤੀਤ ਕਰ ਸਕਦਾ ਹੈ। ਇਸੇ ਲਈ ਅਸੀਂ ਕਹਿ ਸਕਦੇ ਹਾਂ ਕਿ ਇਕ ਆਦਮੀ ਦੀ ਅਸਲੀ ਜਾਇਦਾਦ ਉਸ ਦੀ ਚੰਗੀ ਸਿਹਤ ਹੁੰਦੀ ਹੈ। ਸਿਹਤ ਕੇਵਲ ਰੋਗ ਅਤੇ ਕਮਜ਼ੋਰੀ ਤੋਂ ਆਜ਼ਾਦੀ ਦਾ ਨਾਂ ਹੀ ਨਹੀਂ ਹੈ, ਪਰ ਸੰਪੂਰਨ ਸਰੀਰਕ, ਸਮਾਜਿਕ ਅਤੇ ਮਾਨਸਿਕ ਤੰਦਰੁਸਤੀ ਦੀ ਸਥਿਤੀ ਵੀ ਹੈ। ਚੰਗੀ ਸਿਹਤ ਕਿਸੇ ਵਿਅਕਤੀ ਦੇ ਦਿਮਾਗ, ਸਰੀਰ ਅਤੇ ਆਤਮਾ ਦੀ ਉਹ – ਸਥਿਤੀ ਹੈ ਜਿਸ ਵਿਚ ਉਹ ਕਿਸੇ ਵੀ ਤਰ੍ਹਾਂ ਦੀ ਬਿਮਾਰੀ, ਸੱਟ ਅਤੇ ਦਰਦ ਤੋਂ ਮੁਕਤ ਹੈ। ਜੇ ਤੁਸੀਂ ਮਜ਼ਬੂਤ ਅਤੇ ਤੰਦਰੁਸ਼ਤ ਹੋ ਤਾਂ ਤੁਸੀਂ ਦੂਜਿਆਂ ਲਈ ਇਕ ਸ਼ਾਨਦਾਰ ਉਦਾਹਰਣ ਬਣ ਸਕਦੇ ਹੋ ਅਤੇ ਉਨ੍ਹਾਂ ਨੂੰ ਵੀ ਸਿਖਾ ਸਕਦੇ ਹੋ ਕਿ ਵਧੀਆ ਸਿਹਤ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਬਿਮਾਰ ਵਿਅਕਤੀ ਅਮੀਰ ਹੋ ਕੇ ਵੀ ਸਿਹਤ ਪੱਖੋਂ ਗ਼ਰੀਬ ਹੀ ਰਹਿੰਦਾ ਹੈ। ਚੰਗੀ ਸਿਹਤ ਪ੍ਰਾਪਤ ਕਰਨ ਲਈ, ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨੀ ਚਾਹੀਦੀ ਹੈ। ਜੋ ਲੋਕ ਸਿਹਤ ਪ੍ਰਤੀ ਅਵੇਸਲੇ ਰਹਿੰਦੇ ਹਨ ਜਾਂ ਸਿਹਤਮੰਦ ਜੀਵਨ ਸ਼ੈਲੀ ਨੂੰ ਨਹੀਂ ਅਪਣਾਉਂਦੇ ਉਨ੍ਹਾਂ ਨੂੰ ਬਲੱਡ ਪ੍ਰੇਸ਼ਰ, ਦਿਲ ਦੀਆਂ ਬਿਮਾਰੀਆਂ, ਮੋਟਾਪਾ, ਡਾਇਬੀਟੀਜ਼, ਕੋਲੇਸਟ੍ਰੋਲ, ਗੁਰਦਿਆਂ ਦੀਆਂ ਸਮੱਸਿਆਵਾਂ, ਜਿਗਰ ਦੀਆਂ ਬਿਮਾਰੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਹੋਣਾ ਵੀ ਪਰਮਾਤਮਾ ਦੀ ਬਹੁਤ ਵੱਡੀ ਬਰਕਤ ਹੀ ਹੁੰਦੀ ਹੈ। ਚੰਗੀ ਸਿਹਤ ਬਣਾਈ ਰੱਖਣ ਲਈ ਅਨੁਸ਼ਾਸਿਤ ਜੀਵਨ ਜੀਣਾ ਬੇਹੱਦ ਜ਼ਰੂਰੀ ਹੈ। ਸਾਨੂੰ ਹਮੇਸ਼ਾ ਸਧਾਰਨ ਤੇ ਸੰਤੁਲਤ ਆਹਾਰ ਖਾਣਾ ਚਾਹੀਦਾ ਹੈ। ਤੰਦਰੁਸਤ ਸਰੀਰ ਅਤੇ ਤੰਦਰੁਸਤ ਮਨ ਲਈ ਕਸਰਤ ਵੀ ਬਹੁਤ ਮਹੱਤਵਪੂਰਨ ਹੈ। ਇਸ ਲਈ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਅਤੇ ਲੰਬੀ ਸੈਰ ਵੀ ਕਰਨੀ ਚਾਹੀਦੀ ਹੈ। ਚੰਗੀ ਨੀਂਦ ਵੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਸਿਹਤਮੰਦ ਸਰੀਰ ਸਬੰਧੀ ਨੁਕਤੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸਿਹਤਮੰਦ ਸਰੀਰ ਲਈ ਸਾਫ਼-ਸੁਥਰਾ ਵਾਤਾਵਰਨ ਹੋਣਾ ਵੀ ਬਹੁਤ ਮਹੱਤਵਪੂਰਨ ਹੈ। ਸਿਹਤਮੰਦ ਜੀਵਨ ਲਈ ਆਪਣੇ ਸਰੀਰ ਨੂੰ, ਆਪਣੇ ਘਰ ਨੂੰ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣਾ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਜ਼ਿਆਦਾ ਪਾਣੀ ਪੀਣਾ ਅਤੇ ਖੂਬ ਹੱਸਣਾ ਵੀ ਸਰੀਰ ਨੂੰ ਤੰਦਰੁਸਤ ਰੱਖਣ ਦਾ ਵਧੀਆ ਤਰੀਕਾ ਹੈ। ਇਸ ਤੋਂ ਇਲਾਵਾ ਸਾਨੂੰ ਸਿਗਰਟਨੋਸ਼ੀ, ਸ਼ਰਾਬ ਪੀਣਾ ਆਦਿ ਬੁਰੀਆਂ ਆਦਤਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਤੰਦਰੁਸਤ ਵਿਅਕਤੀ ਬਹੁਤ ਸਾਰਾ ਪੈਸਾ ਕਮਾ ਸਕਦਾ ਹੈ ਪਰ ਇਕ ਅਸਵਸਥ, ਬਿਮਾਰ ਵਿਅਕਤੀ ਪ੍ਰੇਰਣਾ, ਦਿਲਚਸਪੀ ਅਤੇ ਤਾਕਤ ਦੀ ਘਾਟ ਕਾਰਨ ਇਹ ਕੁਝ ਨਹੀਂ ਕਰ ਪਾਉਂਦਾ। ਧਨ ਜੀਵਨ ਜਿਉਣ ਲਈ ਬਹੁਤ ਜ਼ਰੂਰੀ ਹੈ ਪਰ ਚੰਗੀ ਸਿਹਤ ਇਕ ਖੁਸ਼ਹਾਲ ਜੀਵਨ ਜੀਉਣ ਦਾ ਸੋਮਾ ਹੈ। ਇਸ ਲਈ ਚੰਗੀ ਸਿਹਤ ਹੋਣਾ ਪੈਸਿਆਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਣ ਹੈ। ਚੰਗੀ ਸਿਹਤ ਨੂੰ ਕਾਇਮ ਰੱਖਣਾ ਹੀ ਅਸਲ ਧਨ ਹੈ। ਲੋਕਾਂ.ਨੂੰ ਇਹ ਜਾਣਕਾਰੀ ਹੋਰ ਲੋਕਾਂ ਨਾਲ ਸਾਂਝੀ ਕਰਨ ਲਈ ਕਿਹਾ ਗਿਆ । ਇਸ ਪ੍ਰੋਗਰਾਮ ਨੂੰ ਸਫਲ ਬਣਾਉਨ ਲਈ ਪ੍ਰੋ:ਅਮਨ ਫਰਮਾਹੀ ਦਾ ਵਿਸ਼ੇਸ਼ ਯੋਗਦਾਨ ਰਿਹਾ