ਸਿਵਲ ਸਰਜਨ ਦਫਤਰ ਦੇ ਹਲਾਤ ਦੀਵੇ ਹੇਠ ਹਨੇਰਾ ਵਰਗੇ
________
ਅੰਮ੍ਰਿਤਸਰ,9 ਦਸੰਬਰ (ਪਵਿੱਤਰ ਜੋਤ)- ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਲੋਕਾਂ ਨੂੰ ਆਪਣੇ ਆਸ ਪਾਸ ਦੇ ਇਲਾਕਿਆਂ ਨੂੰ ਗੰਦਗੀ ਮੁਕਤ ਰੱਖਣ ਦਾ ਪਾਠ ਪੜ੍ਹਾਉਂਦੇ ਹਨ ਪਰ ਖੁਦ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਉਂਦੇ ਹਨ। ਅਜਿਹੇ ਹੀ ਹਾਲਾਤ ਸਿਵਲ ਸਰਜਨ ਦਫਤਰ ਅੰਮ੍ਰਿਤਸਰ ਵਿਖੇ ਦੇਖਣ ਨੂੰ ਮਿਲਦੇ ਹਨ। ਜਿੱਥੇ ਅਕਸਰ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀ ਆਪਣੇ ਸੈਂਟਰਾਂ ਦਾ ਦੌਰਾ ਵੀ ਕਰਦੇ ਹਨ ਤਾਂ ਆਪਣਾ ਰੋਹਬ ਜਮਾਉਂਦਿਆਂ ਹੇਠਲੇ ਪੱਧਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜੰਮ ਕੇ ਕਲਾਸ ਵੀ ਲਗਾਈ ਜਾਂਦੀ ਹੈ। ਪਰ ਕੀ ਇਨ੍ਹਾਂ ਅਧਿਕਾਰੀਆਂ ਨੂੰ ਆਪਣੇ ਹੀ ਦਫਤਰ ਵਿੱਚ ਲੱਗੇ ਹੋਏ ਢੇਰ ਨਜ਼ਰ ਨਹੀਂ ਆਉਂਦੇ ਹਨ। ਦਫਤਰ ਦੇ ਖ਼ਾਲੀ ਪਏ ਸਥਾਨ ਅਤੇ ਦਫ਼ਤਰਾਂ ਦੀਆਂ ਛੱਤਾਂ ਦੇ ਉੱਪਰ ਦਰਖਤਾਂ ਦੇ ਟੁੱਟ ਕੇ ਡਿੱਗੇ ਹੋਏ ਪੱਤੇ ਸੜ ਸੁੱਕ ਜਾਂਦੇ ਹਨ। ਪਰ ਕਈ-ਕਈ ਦਿਨਾਂ ਤੱਕ ਉਹਨਾਂ ਨੂੰ ਝਾੜੂ ਲਗਾ ਕੇ ਇਕੱਠਾ ਕਰਨ ਤੋਂ ਬਾਅਦ ਸਮੇਟਣਾ ਵੀ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ ਹੈ। ਹਵਾ ਦਾ ਜਿਸ ਪਾਸੇ ਰੁੱਖ ਹੁੰਦਾ ਹੈ ਇਹ ਪੱਤੇ ਉੱਡ ਕੇ ਸਾਰੇ ਦਫ਼ਤਰ ਨੂੰ ਗੰਦਾ ਕਰਦੇ ਹਨ। ਸਿਵਲ ਸਰਜਨ ਦਫ਼ਤਰ ਦੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਮੀਡੀਆ ਦੀ ਲਗਾਤਾਰ ਨਜ਼ਰ ਰਹੇਗੀ। ਕਿਉਂਕਿ ਦੇਖਣ ਯੋਗ ਹੈ ਕਿ ਦੁਨੀਆਂ ਨੂੰ ਸਫ਼ਾਈ ਰੱਖਣ ਦਾ ਹੋਕਾ ਦੇਣ ਵਾਲੇ ਆਪਣੇ ਘਰ ਨੂੰ ਵੀ ਸਾਫ਼-ਸੁਥਰਾ ਰੱਖ ਸਕਦੇ ਹਨ ਕਿ ਨਹੀਂ।