ਅੰਮ੍ਰਿਤਸਰ,9 ਨਵੰਬਰ (ਪਵਿੱਤਰ ਜੋਤ)- ਪੰਜਾਬ ਸਰਕਾਰ ਵਿੱਚ ਜਿਥੇ ਕਿਸੇ ਦੀ ਚੱਲਦੀ ਹੈ ਉਹ ਚਲਾਈ ਜਾ ਰਿਹਾ ਹੈ। ਨਗਰ ਨਿਗਮ ਦੇ ਕਈ ਅਧਿਕਾਰੀ ਅੰਮ੍ਰਿਤਸਰ ਤੋਂ ਬਦਲੀ ਹੋਣ ਤੋਂ ਬਾਅਦ ਵਾਪਸ ਅੰਮ੍ਰਿਤਸਰ ਦੀਆਂ ਸੀਟਾਂ ਸੰਭਾਲਣ ਲਈ ਤਰਲੋਮੱਛੀ ਹੋ ਰਹੇ ਹਨ। ਇਸੇ ਤਰਾਂ ਹੀ ਇੱਕ ਹਫ਼ਤੇ ਪਹਿਲਾਂ ਬਦਲੀ ਹੋਣ ਤੋਂ ਬਾਅਦ ਨਗਰ ਨਿਗਮ ਅੰਮ੍ਰਿਤਸਰ ਤੋਂ ਸੱਕਤਰ ਰਜਿੰਦਰ ਕੁਮਾਰ ਨੂੰ ਵਾਪਿਸ ਫਿਰ ਦੁਬਾਰਾ ਤੈਨਾਤ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵੱਲੋਂ 31 ਅਕਤੂਬਰ 2012 ਨੂੰ ਸਕੱਤਰ ਰਜਿੰਦਰ ਕੁਮਾਰ ਨੂੰ ਅਬੋਹਰ ਬਦਲੀ ਕਰ ਦਿੱਤਾ ਗਿਆ ਸੀ। ਹੁਣ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਇੱਕ ਹਫਤੇ ਦੇ ਅੰਦਰ ਹੀ ਉਹਨਾਂ ਨੂੰ ਵਾਪਿਸ ਅਬੋਹਰ ਤੋਂ ਅੰਮ੍ਰਿਤਸਰ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹਨਾਂ ਤੋਂ ਇਲਾਵਾ ਅਧਿਕਾਰੀ ਨੀਰਜ ਜੈਨ ਨੂੰ ਨਗਰ ਨਿਗਮ ਲੁਧਿਆਣਾ ਤੋਂ ਨਗਰ ਨਿਗਮ ਬਠਿੰਡਾ ਕੀਤਾ ਗਿਆ ਸੀ। ਵਿਭਾਗ ਵੱਲੋਂ ਉਨ੍ਹਾਂ ਦੀ ਬਦਲੀ ਤੇ ਵੀ ਰੋਕ ਲਗਾਉਂਦੇ ਹੋਏ ਵਾਪਿਸ ਲੁਧਿਆਣਾ ਵਿਖੇ ਤੈਨਾਤ ਕਰ ਦਿੱਤਾ ਗਿਆ ਹੈ।