ਪਟਵਾਰੀਆਂ ਵੱਲੋਂ ਵਾਧੂ ਸਰਕਲ ਛੱਡੇ ਜਾਣ ਕਾਰਨ ਜਿਲਾ ਮੈਜਿਸਟਰੇਟ ਨੇ ਕੀਤੇ ਬਦਲਵੇਂ ਪ੍ਬੰਧ

0
394

-ਫਾਰਮ ਤਸਦੀਕ ਕਰਨ ਦੇ ਅਧਿਕਾਰ ਹੋਰਨਾਂ ਨੂੰ ਵੀ ਦਿੱਤੇ
ਅੰਮ੍ਰਿਤਸਰ 21 ਜੁਲਾਈ (ਰਾਜਿੰਦਰ ਧਾਨਿਕ) : ਡਿਪਟੀ ਕਮਿਸ਼ਨਰ ਸ: ਹਰਪ੍ਰੀਤ ਸਿੰਘ ਸੂਦਨ ਨੇ ਪੰਜਾਬ ਰਾਜ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਚੱਲ ਰਹੀ ਭਰਤੀ ਅਤੇ ਸਕੂਲਾਂ, ਕਾਲਜਾਂ ਵਿੱਚ ਦਾਖਲਾ ਦੀ ਪ੍ਰਕ੍ਰਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਰਮ ਤਸਦੀਕ ਕਰਨ ਦੇ ਅਧਿਕਾਰ ਹੋਰ ਵਿਭਾਗਾਂ ਨੂੰ ਵੀ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪਟਵਾਰ ਯੂਨੀਅਨ ਵੱਲੋਂ ਵਾਧੂ ਸਰਕਲਾਂ ਦਾ ਚਾਰਜ਼ ਛੱਡਣ ਸਬੰਧੀ ਮਤਾ ਪਾਉਣ ਕਰਕੇ ਪਟਵਾਰੀਆਂ ਵੱਲੋਂ ਵਾਧੂ ਸਰਕਲਾਂ ਦਾ ਚਾਰਜ਼ ਛੱਡ ਦਿੱਤਾ ਗਿਆ ਹੈ। ਜਿਸ ਕਾਰਨ ਵਿਦਿਆਰਥੀਆਂ ਅਤੇ ਸਰਕਾਰੀ ਨੌਕਰੀਆਂ ਦੇ ਸੰਭਾਵਿਤ ਉਮੀਦਵਾਰਾਂ ਨੂੰ ਆਪਣੇ ਫਾਰਮਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਜਿਵੇਂ ਜਾਤੀ, ਰੈਜ਼ੀਡੈਂਸ ਸਰਟੀਫਿਕੇਟ ਆਦਿ ਬਣਾਉਣ ਲਈ ਫੀਲਡ ਰਿਪੋਰਟ ਕਰਵਾਉਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਹਿੱਤਾ ਨੂੰ ਮੁੱਖ ਰੱਖਦੇ ਹੋਏ ਅਤੇ ਇਸ ਕੰਮ ਦੇ ਜਲਦ ਨਿਪਟਾਰੇ ਹਿੱਤ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਫਾਰਮ ਦਾ ਤਸਦੀਕ ਕਾਰਵਾਈ ਜਾਣੀ ਜ਼ਰੂਰੀ ਹੈ ਤਾਂ ਸਰਟੀਫਿਕੇਟ ਬਣਾਉਣ ਲਈ ਪਟਵਾਰੀ ਤੋਂ ਇਲਾਵਾ ਨੰਬਰਦਾਰ, ਸਰਪੰਚ, ਮੈਂਬਰ ਪੰਚਾਇਤ, ਪੰਚਾਇਤ ਸਕੱਤਰ, ਮਿਉਂਸਪਲ ਕੌਂਸਲਰ, ਚੇਅਰਮੈਨ, ਜਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਾਕ ਸੰਮਤੀ, ਜਿਲ੍ਹੇ ਦੇ ਅੰਦਰ ਕਿਸੇ ਵੀ ਕਾਲਜ/ਯੂਨੀਵਰਸਿਟੀ ਦੇ ਪ੍ਰਿੰਸੀਪਲ/ਪ੍ਰੋਫੈਸਰ ਕਿਸੇ ਵੀ ਸਕੂਲ ਦੇ ਪ੍ਰਿੰਸੀਪਲ, ਹੈਡਮਾਸਟਰ, ਅਧਿਆਪਕ ਅਤੇ ਕੋਈ ਸਰਕਾਰੀ ਕਰਮਚਾਰੀ ਜੋ ਕਿ ਦਰਖਾਸਤੀ ਨੂੰ ਨਿੱਜੀ ਤੌਰ ਤੇ ਜਾਣਦੇ ਹੋਵੇ, ਦੀ ਤਸਦੀਕ ਵਾਜਬ ਮੰਨੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਮੀਨ ਦੀ ਤਸਦੀਕ ਦੀ ਲੋੜ ਪੈਂਦੀ ਹੈ ਤਾਂ ਸਬੰਧਤ ਏ.ਐਸ.ਐਮ. ਫਰਦ ਕੇਂਦਰ ਤੋਂ ਰਿਪੋਰਟ ਲੈ ਲਈ ਜਾਵੇ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ।

NO COMMENTS

LEAVE A REPLY