ਪੰਜਾਬ ਪ੍ਰਤੀ ਵਿਲੱਖਣ ਦ੍ਰਿਸ਼ਟੀਕੋਣ ਹੀ ਭਾਜਪਾ ਲਈ ਸੱਤਾ ਦੇ ਦਰਵਾਜ਼ੇ ਖੋਲ੍ਹੇਗੀ।
ਅੰਮ੍ਰਿਤਸਰ 14 ਜੁਲਾਈ (ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਨੇ ਕੇਂਦਰ ਵਿੱਚ ਹੈਟ੍ਰਿਕ ਲਗਾਉਣ ਲਈ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਕਮਰ ਕਸਾ ਕਰ ਲਿਆ ਹੈ। ’ਲੋਕ ਸਭਾ ਪ੍ਰਵਾਸ ਯੋਜਨਾ’ ਤਹਿਤ ਭਾਜਪਾ ਨੇ ਦੇਸ਼ ਭਰ ’ਚ ਪਾਰਟੀ ਲਈ ਕਮਜ਼ੋਰ ਮੰਨੀਆਂ ਜਾਂਦੀਆਂ 144 ਸੀਟਾਂ ਦੀ ਪਛਾਣ ਕਰਦਿਆਂ ਕਵਾਇਦ ਸ਼ੁਰੂ ਕਰ ਦਿੱਤੀ ਹੈ। ਪਿਛਲੀਆਂ ਲੋਕ ਸਭਾ ਚੋਣਾਂ 2019 ਦੌਰਾਨ ਵੀ ਭਾਜਪਾ ਨੇ 120 ਕਮਜ਼ੋਰ ਸੀਟਾਂ ’ਤੇ ਆਪਣਾ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ, ਜਿੱਥੋਂ ਉਸ ਨੇ 72 ਸੀਟਾਂ ਜਿੱਤੀਆਂ। ਭਾਜਪਾ ਨੇਤਾ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦਸਿਆ ਕਿ ਪੰਜਾਬ ’ਚ ਅਕਾਲੀ ਦਲ ਨਾਲ ਭਾਈਵਾਲੀ ਦੌਰਾਨ ਭਾਜਪਾ ਕੇਵਲ ਤਿੰਨ ਲੋਕ ਸਭਾ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਅਤੇ ਵਿਧਾਨ ਸਭਾ ਦੀਆਂ 23 ਸੀਟਾਂ ’ਤੇ ਚੋਣ ਲੜਦੀ ਰਹੀ। ਪੰਜਾਬ ’ਚ ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਆਪਣੇ ਦਮ ’ਤੇ ਚੋਣਾਂ ’ਚ ਉੱਤਰੇਗੀ । ਭਾਜਪਾ ਇਸ ਯੋਜਨਾ ਤਹਿਤ ਹੁਣ ਤਕ ਪੰਜਾਬ ਦੀਆਂ 9 ਸੀਟਾਂ ’ਤੇ ਨਜ਼ਰ ਰੱਖ ਰਹੀ ਹੈ, ਜਿੱਥੇ ਵਿਧਾਨ ਸਭਾ ’ਚ ਹਾਰ ਦੇ ਕਾਰਨਾਂ ਦਾ ਪਤਾ ਲਗਾਉਂਦਿਆਂ ਆਪਣੀਆਂ ਕਮਜ਼ੋਰੀਆਂ ਨੂੰ ਸੁਧਾਰਨ ਤੋਂ ਇਲਾਵਾ ਬੂਥਾਂ ਨੂੰ ਮਜ਼ਬੂਤ ਕਰਨ ਲਈ ਵਧ ਤੋਂ ਵਧ ਲੋਕਾਂ ਨੂੰ ਆਪਣੇ ਨਾਲ ਜੋੜੇਗਾ। ਪੰਜਾਬ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੁਝ ਕੇਂਦਰੀ ਮੰਤਰੀਆਂ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਰਾਜ ਦੇ ਵੱਖ ਵੱਖ ਹਿੱਸਿਆਂ ਦਾ ਦੌਰਾ ਕੀਤਾ । ਇਸ ਮੌਕੇ ਪਾਰਟੀ ਵਰਕਰਾਂ ਨਾਲ ਕੀਤੀਆਂ ਗਈਆਂ ਬੈਠਕਾਂ ਵਿਚ ਪੰਜਾਬ ’ਚ ਅਧਾਰ ਮਜ਼ਬੂਤ ਕਰਨ ਦੀਆਂ ਗੱਲਾਂ ਤਾਂ ਹੁੰਦੀਆਂ ਰਹੀਆਂ ਹਨ, ਪਰ ਕੁਝ ਆਗੂਆਂ ਦੇ ਸੁਰ ’ਚ ਸੀਟਾਂ ਜਿੱਤਣ ਦੀ ਭਾਵਨਾ ਅਤੇ ਆਤਮ ਵਿਸ਼ਵਾਸ ਦੀ ਕਮੀ ਮਹਿਸੂਸ ਕੀਤੀ ਗਈ । ਅਜਿਹੀ ਸਥਿਤੀ ’ਚ ਭਾਜਪਾ ਲਈ ਪੰਜਾਬ ’ਚ ਅੱਗੇ ਵਧਣਾ ਇਕ ਔਖਾ ਇਮਤਿਹਾਨ ਹੋਵੇਗਾÍ ਹਾਲਾਂਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਭਾਜਪਾ ਦਾ ਪ੍ਰਦਰਸ਼ਨ ਚੰਗਾ ਰਿਹਾ। ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵਰਕਰਾਂ ਨੇ ਔਖੇ ਹਾਲਾਤਾਂ ’ਚ ਵੀ 73 ਵਿਧਾਨ ਸਭਾ ਹਲਕਿਆਂ ਦੇ ਹਰ ਗਲੀ, ਹਰ ਪਿੰਡ ਤੇ ਕਸਬੇ ’ਚ ਪਾਰਟੀ ਦਾ ਝੰਡਾ ਪੁੱਜਦਾ ਕਰਦਿਆਂ ’ਕਮਲ ਦੇ ਫੁੱਲ’ ਦੀ ਹੋਂਦ ਦਾ ਅਹਿਸਾਸ ਕਰਾਇਆ ਹੈ।
ਭਾਰਤ ਅੱਜ ਇਤਿਹਾਸ ਦੇ ਇਕ ਮਹੱਤਵਪੂਰਨ ਦੌਰ ਵਿਚੋਂ ਲੰਘ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਨੇ ਵਿਸ਼ਵ ਨੂੰ ਭਾਰਤ ਪ੍ਰਤੀ ਨਵੇਂ ਨਜ਼ਰੀਏ ਨਾਲ ਦੇਖਣ ਲਈ ਮਜਬੂਰ ਕੀਤਾ ਹੈ। ਕੋਵਿਡ ਮਹਾਂਮਾਰੀ ਨਾਲ ਨਜਿੱਠਣ ਤੋਂ ਇਲਾਵਾ ਵਿਦੇਸ਼ ਨੀਤੀ ’ਚ ਸ਼ਾਨਦਾਰ ਪ੍ਰਦਰਸ਼ਨ ਨੇ ਇਰਾਕ, ਯਮਨ, ਅਫ਼ਗ਼ਾਨਿਸਤਾਨ ਅਤੇ ਯੁਕਰੇਨ ਤੋਂ ਸੰਕਟ ਸਮੇਂ ਆਪਣੇ ਲੋਕਾਂ ਨੂੰ ਬਚਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਵਿਸ਼ਵ ਦੀ 6ਵੀਂ ਮਜ਼ਬੂਤ ਅਰਥਵਿਵਸਥਾ ਹੋਣ ਤੋਂ ਇਲਾਵਾ ਭਾਰਤ ਕਿਸੇ ਵੀ ਵਿਸ਼ਵ ਮਹਾਂ ਸ਼ਕਤੀ ਅੱਗੇ ਝੁਕਣ ਤੋਂ ਬਿਨਾ ਅੱਜ ਦਲੇਰੀ ਤੇ ਸੁਤੰਤਰਤਾ ਨਾਲ ਆਪਣੀ ਗੱਲ ਰੱਖ ਸਕਦਾ ਹੈ। ਪਰ ਅਫ਼ਸੋਸ ਕਿ ਦੇਸ਼ ਦੀਆਂ ਅਜਿਹੀਆਂ ਅਹਿਮ ਪ੍ਰਾਪਤੀਆਂ ਦੇ ਬਾਵਜੂਦ ਪੰਜਾਬ ਡੂੰਘੇ ਅਸੰਤੋਸ਼ ਅਤੇ ਨਿਰਾਸ਼ਾ ਦੀ ਲਪੇਟ ਵਿਚ ਹੈ। ਨਸ਼ਾ ਅਤੇ ਗੈਂਗਸਟਰਾਂ ਦੀ ਭਰਮਾਰ ਨਾਲ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੇ ਪ੍ਰਸ਼ਾਸਨ ਨੂੰ ਕੁਸ਼ਲਤਾ ਪੂਰਵਕ ਚਲਾਇਮਾਨ ਰੱਖਣ ਪ੍ਰਤੀ ਰਾਜ ਸਰਕਾਰ ਦੀ ਯੋਗਤਾ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਅਜਿਹੀ ਪ੍ਰਸਥਿਤੀ ’ਚ ਮੈਂ ਇਕ ਪੰਜਾਬੀ ਹੋਣ ਨਾਤੇ ਪੰਜਾਬ ਲਈ ਸ੍ਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਨੂੰ ਸ਼ਿਦਦ ਨਾਲ ਲੋਚਦਾ ਹਾਂ।
ਪਰ ਪੰਜਾਬ ਦੀਆਂ ਪ੍ਰਸਥਿਤੀਆਂ ਸਿਦਕ ਦੇ ਬਾਕੀ ਹਿੱਸਿਆਂ ਨਾਲੋਂ ਅਲੱਗ ਹੈ, ਜਿਥੇ ਭਾਜਪਾ ਤਾਕਤ ਵਿਚ ਹੈ। ਪੰਜਾਬ ’ਚ ਆਪਣਾ ਅਧਾਰ ਮਜ਼ਬੂਤ ਕਰਦਿਆਂ ਇਸ ਨੂੰ ਸਤਾ ਤਕ ਲਿਜਾਣ ਲਈ ਪੰਜਾਬ ਪ੍ਰਤੀ ਭਾਜਪਾ ਦੀਆਂ ਯੋਜਨਾਵਾਂ ਵਿਲੱਖਣ ਹੋਣੀਆਂ ਚਾਹੀਦੀਆਂ ਹਨ। ਪੰਜਾਬ ਦੀ ਨਬਜ ਅਤੇ ਰਾਜਨੀਤਿਕ ਮਨੋਵਿਗਿਆਨ ਨੂੰ ਸਮਝਣ ਲਈ ਸੰਗਰੂਰ ਜ਼ਿਮਨੀ ਚੋਣ ਦਾ ਨਤੀਜਾ ਇਕ ਸੁਖਾਲਾ ਮਾਡਲ ਬਣ ਸਕਦਾ ਹੈ। ਜਿੱਥੇ ਮਹਿਜ਼ ਦੋ ਮਹੀਨੇ ਪਹਿਲਾਂ ਹੀ ਭਾਰੀ ਬਹੁਮਤ ਨਾਲ ਫ਼ਤਵਾ ਦਿੱਤੇ ਗਏ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਉਖਾੜ ਸੁੱਟਿਆ। ਕਾਰਨ ਸੀ, ਜਿਸ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਗਿਆ, ਉਸ ਵੱਲੋਂ ਪੰਜਾਬ ਦੀ ਭਵਿੱਖੀ ਹੋਣੀ ਦੇ ਫ਼ੈਸਲਿਆਂ ਦਾ ਅਧਿਕਾਰ, ਦਿਲੀ ’ਚ ਬੈਠੀ ਉਸ ਲੀਡਰਸ਼ਿਪ ਨੂੰ ਸੌਂਪ ਦੇਣਾ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਹੀ ਨਹੀਂ ਸੀ। ਪੰਜਾਬੀਆਂ ਨੇ ਇਹ ਗਵਾਰਾ ਨਾ ਕੀਤਾ। ਨਤੀਜੇ ਵਜੋਂ, ਪੰਜਾਬੀਆਂ ਤੇ ਸੰਗਰੂਰ ਦੇ ਵੋਟਰਾਂ ਨੇ ਉਸ ਪਾਰਟੀ ਅਤੇ ਵਿਚਾਰਧਾਰਾ ਨੂੰ ਤਰਜੀਹ ਦਿੱਤੀ ਜਿਸ ਨੇ ਦੂਜਿਆਂ ਦੇ ਮੁਕਾਬਲੇ ਪੰਜਾਬ ਲਈ ਲੜਿਆ ਤੇ ਖੜਿਆ। ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਹੀ ਸੀ, ਭਾਵੇਂ ਕਿ ਅਕਾਲੀ ਦਲ ਬਾਦਲ ਸਿੱਖ ਕੌਮ ’ਚ ਆਪਣਾ ਭਰੋਸਾ ਗਵਾਉਂਦਿਆਂ ਛੇਵੇਂ ਪਾਏਦਾਨ ’ਤੇ ਜਾ ਪਹੁੰਚਿਆ ਹੈ। ਪਰ ਜਿਸ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਜਿਤਾਇਆ ਉਹ ਵੀ ਅਕਾਲੀ ਕਲਚਰ ਦਾ ਹਿੱਸਾ ਹੀ ਤਾਂ ਹੈ। ਜਿਸ ਨੂੰ ਜਿਤਾਉਣ ’ਚ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਨੇ ਵੀ ਅਹਿਮ ਭੂਮਿਕਾ ਨਿਭਾਈ। ਭੁਲੇਖੇ ’ਚ ਪੈਣ ਦੀ ਲੋੜ ਨਹੀਂ, ਇਸ ਜਿੱਤ ਨੇ ਸਪਸ਼ਟ ਸੰਕੇਤ ਦਿੱਤਾ ਕਿ ਪੰਜਾਬ ਦੇ ਲੋਕਾਂ ’ਚ ਅਕਾਲੀ ਦਲ ਦੀ ਵਿਚਾਰਧਾਰਾ ਦਾ ਖ਼ਾਤਮਾ ਨਹੀਂ ਹੋਇਆ ਹੈ। ਸਤਾ ਦੇ 10 ਸਾਲ ਦੌਰਾਨ ਭਾਜਪਾ ਨਾਲ ਮਿਲ ਕੇ ਸੂਬੇ ਦਾ ਸਭ ਤੋਂ ਵੱਧ ਵਿਕਾਸ ਕਰਾਉਣ ਵਾਲਾ ਅਕਾਲੀ ਦਲ (ਬਾਦਲ) ਅੱਜ ਸਤਾ ਤੋਂ ਬਹੁਤ ਬੁਰੀ ਤਰਾਂ ਬਾਹਰ ਹੈ ਤਾਂ ਇਸ ਪਿੱਛੇ ਉਸ ਵੱਲੋਂ ਸਤਾ ਦੌਰਾਨ ਪੰਜਾਬ ਦੇ ਮੁੱਦਿਆਂ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਣਾ ਹੈ। ਬਾਦਲਾਂ ਦੀ ਪੇਤਲੀ ਹਾਲਤ ਤੋਂ ਪੰਜਾਬ ਦੇ ਲੋਕਾਂ ਦੀ ਧਾਰਮਿਕ ਮਾਮਲਿਆਂ ਪ੍ਰਤੀ ਜ਼ੀਰੋ ਟਾਲਰੈਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਪੰਜਾਬ ਦੀ ਮਾਨਸਿਕਤਾ ਅੱਜ ਵੀ ਜ਼ਖ਼ਮੀ ਹੈ। ਪਿਛਲੀਆਂ ਹਕੂਮਤਾਂ ਖ਼ਾਸ ਕਰਕੇ ਕਾਂਗਰਸ ਵੱਲੋਂ ਆਪਣੀ ਸਿਆਸੀ ਮੁਫ਼ਾਦ ਲਈ ਇੱਥੋਂ ਦੀ ਸੰਪਰਦਾਇਕ ਸਦਭਾਵਨਾ ਅਤੇ ਰਾਜਸੀ ਹਿਤਾਂ ਨੂੰ ਵੱਡੀਆਂ ਸੱਟਾਂ ਮਾਰਦਿਆਂ ਇੱਥੋਂ ਦੇ ਬਾਸ਼ਿੰਦਿਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਸੌਂਪਣ, ਪੰਜਾਬ ਦੇ ਦਰਿਆਈ ਪਾਣੀਆਂ ਅਤੇ ਹੈਡਵਰਕਸ ਦੇ ਮੁੱਦਾ ਜਿਉਂ ਦੇ ਤਿਉਂ ਅੱਜ ਵੀ ਕਾਇਮ ਹਨ। ਇੱਥੇ ਮੈਂ ਇਹ ਗਲ ਕਹਿਣ ’ਚ ਸੰਕੋਚ ਨਹੀਂ ਕਰਾਂਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ ’ਚ ਦੇਖੀ ਗਈ ਸਦੀਵੀ ਸਮੱਸਿਆਵਾਂ ਨਾਲ ਨਜਿੱਠਣ ਦੀ ਇੱਛਾ ਸ਼ਕਤੀ ਦੀ ਘਾਟ ਨੂੰ ਤਿਲਾਂਜਲੀ ਦੇ ਕੇ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ, ਕਸ਼ਮੀਰ ’ਚੋਂ ਧਾਰਾ 370 ਨੂੰ ਹਟਾਉਣ, ਤਿੰਨ ਤਲਾਕ, ਨਾਗਰਿਕ ਸੋਧ ਕਾਨੂੰਨ, ਅਤਿਵਾਦ ਪ੍ਰਤੀ ਜ਼ੀਰੋ ਟਾਲਰੈਸ ’ਤੇ ਸਰਹੱਦ ਪਾਰ ਦੇ ਅਤਿਵਾਦੀ ਕੈਂਪਾਂ ’ਤੇ ਸਰਜੀਕਲ ਸਟ੍ਰੈਕ ਨੂੰ ਅੰਜਾਮ ਦੇ ਕੇ ਸਮੱਸਿਆਵਾਂ ਨਾਲ ਨਜਿੱਠਣ ਲਈ ਨਿਰਣਾਇਕ ਪਹੁੰਚ ਅਪਣਾਉਂਦਿਆਂ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਮਾਣ ਦਿੱਤਾ ਹੈ। ਇਸੇ ਹੀ ਤਰਜ਼ ’ਤੇ ਕੇਂਦਰ ਅਤੇ ਸ੍ਰੀ ਮੋਦੀ ਨੂੰ ਪੰਜਾਬ ਅਤੇ ਸਿੱਖ ਪੰਥ ਦੇ ਉਪਰੋਕਤ ਲੰਬਿਤ ਪਏ ਮਸਲਿਆਂ ਸਮੇਤ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਵੀ ਤਰਜੀਹੀ ਅਧਾਰ ’ਤੇ ਹੱਲ ਕਰਦਿਆਂ ਪੰਜਾਬੀਆਂ ਦਾ ਦਿਲ ਜਿੱਤਿਆ ਜਾ ਸਕਦਾ ਹੈ। ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ ਕਾਰਜਕਾਲ ਦੇ ਪਿਛਲੇ 8 ਸਾਲਾਂ ਦੌਰਾਨ ਕਰਤਾਰਪੁਰ ਲਾਂਘਾ, ਸਿੱਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ, ਵੀਰ ਬਾਲ ਦਿਵਸ, ਸ਼ਤਾਬਦੀ ਗੁਰਪੁਰਬਾਂ ਦਾ ਸਰਕਾਰੀ ਪੱਧਰ ’ਤੇ ਮਨਾਇਆ ਜਾਣਾ ਅਤੇ ਕੁਝ ਸਿੱਖ ਕੈਦੀਆਂ ਦੀ ਰਿਹਾਈ ਸਮੇਤ ਅਫ਼ਗ਼ਾਨਿਸਤਾਨ ਦੇ ਸਿੱਖਾਂ ਦੀ ਸੁਰੱਖਿਆ ਲਈ ਚੁੱਕੇ ਗਏ ਅਮਿੱਟ ਛਾਪ ਛੱਡਣ ਵਾਲੇ ਅਹਿਮ ਕਦਮ ਸਲਾਹੁਣਯੋਗ ਹਨ।
ਰਾਸ਼ਟਰਵਾਦ ਪ੍ਰਤੀ ਭਾਜਪਾ ਦਾ ਸੰਕਲਪ ਇਸ ਅਧਾਰ ’ਤੇ ਹੈ ਕਿ ਰੀਤੀ ਰਿਵਾਜ, ਧਰਮ ਅਤੇ ਭਾਸ਼ਾ ਦੇ ਮਾਮਲਿਆਂ ਵਿਚ ਭਾਰਤ ਇਕ ਵਿਲੱਖਣ ਵਿਭਿੰਨਤਾ ਪੇਸ਼ ਕਰਨ ਦੇ ਬਾਵਜੂਦ ਭਾਰਤੀ ਰਾਸ਼ਟਰਵਾਦ ਅਤੇ ਮਾਤ ਭੂਮੀ ਦੀ ਭਾਵਨਾ ਸਭ ਵਿਚ ਸਾਂਝੀ ਹੈ। ਇਸੇ ਲਈ ਭਾਜਪਾ ਨੇ ਆਪਣੇ ਦਰਵਾਜ਼ੇ ਸਭ ਭਾਰਤੀਆਂ ਲਈ ਬਿਨਾ ਕਿਸੇ ਜਾਤ ਪਾਤ ਤੇ ਧਾਰਮਿਕ ਭੇਦਭਾਵ ਦੇ ਖੋਲ੍ਹ ਦਿੱਤੇ ਹਨ। ਭਾਜਪਾ ਦਾ ਮਿਸ਼ਨ ਭਾਰਤ ਨੂੰ ਇਕ ਅਜਿਹਾ ਦੇਸ਼ ਬਣਾਉਣ ਦੀ ਹੈ ਜਿੱਥੇ ਸਾਰੇ ਇਕ ਹੋਣ, ਖ਼ੁਸ਼ ਅਤੇ ਖ਼ੁਸ਼ਹਾਲ ਹੋਣ। ਸੋ ਪੰਜਾਬ ਦੀ ਲੋਕ ਮਾਨਸਿਕਤਾ ਨੂੰ ਸਫਲਤਾ ਪੂਰਵਕ ਭਾਜਪਾ ਦੇ ਹੱਕ ’ਚ ਬਦਲਣ ਲਈ, ਇਸ ’ਸਭ ਕਾ ਸਾਥ ਸਭ ਕਾ ਵਿਕਾਸ ’ਵਿਜ਼ਨ ਨੂੰ ਸਹੀ ਅਰਥਾਂ ਵਿਚ ਲਾਗੂ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਕਰਾਇਆਂ ਜਾਵੇ ਕਿ ਭਾਜਪਾ ਦੀ ਕੇਂਦਰ ’ਚ ਇਕ ਅਜਿਹੀ ਸਰਕਾਰ ਹੈ ਜੋ ਉਨ੍ਹਾਂ ਦੀ ਭਲਾਈ ਅਤੇ ਅਕਾਂਖਿਆਵਾਂ ਦੀ ਪੂਰਤੀ ਲੋਚਦੀ ਹੈ। ਪੰਜਾਬ ਦੇ ਕਾਲੇ ਦੌਰ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਮਜ਼ਬੂਤੀ ਦੇ ਏਜੰਡੇ ਵਜੋਂ ਅਪਣਾਇਆ ਗਿਆ। ਭਾਵੇਂ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਵਿਚ ਹਿੰਦੂ ਸਿੱਖਾਂ ਦੀ ਭਾਈਚਾਰਕ ਸਾਂਝ ਕਦੀ ਨਹੀਂ ਟੁੱਟੀ, ਉਨ੍ਹਾਂ ਹਲਾਤਾਂ ’ਚ ਵੀ ਜਦ ਪੰਜਾਬ ’ਚ ਖਾੜਕੂਵਾਦ ਦਾ ਦੌਰ ਚੱਲਿਆ। ਹਿੰਦੂ ਸਿੱਖਾਂ ’ਚ ਕਦੀ ਕੋਈ ਆਪਸੀ ਦੰਗਾ ਫ਼ਸਾਦ ਨਾ ਹੋਣ ਇਸ ਦਾ ਪ੍ਰਮਾਣ ਹੈ। ਹਿੰਦੂ ਭਾਈਚਾਰੇ ਨੇ ਸਿੱਖ ਜਜ਼ਬਾਤਾਂ ਦੀ ਹਮੇਸ਼ਾਂ ਕਦਰ ਕੀਤੀ ਹੈ। ਇਸੇ ਤਰਾਂ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਤਿਕਾਰ ਦੇਣਾ ਹੋਵੇਗਾ। ਉਨ੍ਹਾਂ ਨੂੰ ਸਿੱਖਾਂ ਪੰਥ ’ਚ ਪਰਵਾਨਿਤ ਸ਼ਖ਼ਸੀਅਤਾਂ ਪ੍ਰਤੀ ਪਹੁੰਚ ਬਦਲਣੀ ਪਵੇਗੀ। ਘੱਟੋ ਘੱਟ ਉਨ੍ਹਾਂ ਪ੍ਰਤੀ ਕਿਸੇ ਵੀ ਨਕਾਰਾਤਮਿਕ ਟਿੱਪਣੀਆਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਪੰਜਾਬ ਦੇ ਅਹਿਮ ਮੁੱਦਿਆਂ ਪ੍ਰਤੀ ਇਸ ਦਾ ਸੰਘਰਸ਼ ਅਤੇ ਪਹੁੰਚ ਸਮੇਂ ਤੇ ਪ੍ਰਸਥਿਤੀਆਂ ਅਨੁਸਾਰ ਹਾਲੇ ਵੀ ਨਾ ਕਾਫ਼ੀ ਹੈ। ਪੰਜਾਬ ਦੇ ਹਰ ਮਸਲੇ ਪ੍ਰਤੀ ਭਾਜਪਾ ਲੀਡਰਸ਼ਿਪ ਦਾ ਨਜ਼ਰੀਆ ਸਕਾਰਾਤਮਿਕ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਅਨੁਕੂਲ ਹੋਣਾ ਯਕੀਨੀ ਹੋਵੇ। ਪੰਜਾਬੀਆਂ ਦੀ ਆਪਣੀ ਜੀਵਨ ਸ਼ੈਲੀ ਅਤੇ ਕਦਰਾਂ ਕੀਮਤਾਂ ਹਨ। ਪੰਜਾਬੀ ਬੇਸ਼ੱਕ ਜਜ਼ਬਾਤੀ ਹਨ, ਪਰ ਸਮਰੱਥ, ਸਮਰਪਿਤ, ਸਖ਼ਤ ਮਿਹਨਤੀ ਅਤੇ ਹਮੇਸ਼ਾਂ ਨਵੀਆਂ ਸੰਭਾਵਨਾਵਾਂ ਨਾਲ ਭਰਪੂਰ ਵੀ ਹਨ। ਲੋੜ ਇਕ ਉਮੀਦ ਦੀ ਹੈ। ਉਹ ਉਮੀਦ ਭਾਜਪਾ ਅਤੇ ਕੇਂਦਰ ਵੱਲੋਂ ਮਜ਼ਬੂਤੀ ਨਾਲ ਉਨ੍ਹਾਂ ਦੀ ਬਾਂਹ ਫੜ ਕੇ ਅਪਣਾਉਣ ਦੀ ਹੈ, ਯਕੀਨਨ ਪੰਜਾਬ ਵਿਚ ਵੀ ’ਕਮਲ’ ਖਿੜੇਗਾ।