ਭਗਵੰਤ ਮਾਨ ਤੇ ਕੇਜਰੀਵਾਲ ਦੱਸਣ ਕਿ ਜਦੋਂ 10 ਦਿਨਾਂ ‘ਚ ਪੰਜਾਬ ‘ਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਤਾਂ 80 ਦਿਨਾਂ ਬਾਅਦ ਭ੍ਰਿਸ਼ਟਾਚਾਰ ਤੇ ਉਹ ਵੀ ਪੰਜਾਬ ਸਰਕਾਰ ਦਾ ਕੈਬਨਿਟ ਮੰਤਰੀ ਕਿੱਥੋਂ ਆਇਆ : ਅਸ਼ਵਨੀ ਸ਼ਰਮਾ
ਅੰਮ੍ਰਿਤਸਰ/ ਚੰਡੀਗੜ੍ਹ, 24 ਮਈ (ਪਵਿੱਤਰ ਜੋਤ ): ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸਰਕਾਰ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਰਿਸ਼ਵਤ ਮੰਗਣ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤੇ ਜਾਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਨ ਤੋਂ 10 ਦਿਨਾਂ ਦੇ ਅੰਦਰ ਅੰਦਰ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਹੋਣ ਦਾ ਦਾਅਵਾ ਕੀਤਾ ਸੀ। ਸ਼ਰਮਾ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਜੇਕਰ 10 ਦਿਨਾਂ ‘ਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਸੀ ਤਾਂ ਭ੍ਰਿਸ਼ਟਾਚਾਰੀ ਅਤੇ ਉਹ ਵੀ ਮਾਨ ਸਰਕਾਰ ਦਾ ਕੈਬਨਿਟ ਮੰਤਰੀ 80 ਦਿਨਾਂ ਬਾਅਦ ਕਿੱਥੋਂ ਅਤੇ ਕਿੰਵੇਂ ਆਇਆ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਦਾ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਜਾਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਆਮ ਆਦਮੀ ਪਾਰਟੀ ਵਿੱਚ ਭ੍ਰਿਸ਼ਟਾਚਾਰ ਕਿਸ ਪੱਧਰ ‘ਤੇ, ਕਿਸ ਹੱਦ ਤੱਕ ਅਤੇ ਕਿੰਨਾਂ ਫੈਲਿਆ ਹੋਇਆ ਹੈ! ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦੇ ਆਪਣੇ ਮੰਤਰੀ ਅਤੇ ਹੋਰ ਆਗੂ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਅਜਿਹੇ ਵਿੱਚ ਭਗਵੰਤ ਮਾਨ ਆਪਣੀ ਸਰਕਾਰ ਦੀ ਡਿੱਗ ਰਹੀ ਭਰੋਸੇਯੋਗਤਾ ਨੂੰ ਬਚਾਉਣ ਲਈ ਇਸ ਤਰਾਂ ਦੀ ਕਾਰਵਾਈ ਦਾ ਡਰਾਮਾ ਜਨਤਾ ਦੇ ਸਾਹਮਣੇ ਕਰ ਰਹੇ ਹਨ। ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀ ਸਰਕਾਰ ਵਲੋਂ ਭ੍ਰਿਸ਼ਟਾਚਾਰ ਨਾਲ ਸਬੰਧਤ ਜਾਰੀ ਵਟਸਐਪ ‘ਤੇ ਆਈਆਂ ਸ਼ਿਕਾਇਤਾਂ ‘ਚ ਮੁਲਜ਼ਮਾਂ ਦੇ ਨਾਵਾਂ ਦੀ ਸੂਚੀ ਜਾਰੀ ਕਰਨ।