ਅੰਮ੍ਰਿਤਸਰ 5 ਮਈ (ਰਾਜਿੰਦਰ ਧਾਨਿਕ) : ਮੇਅਰ ਕਰਮਜੀਤ ਸਿੰਘ ਵੱਲੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦੇ ਨਾਲ ਮਿਲਕੇ ਵਾਰਡ ਨੰਬਰ 17 ਦੇ ਇਲਾਕਾ ਵਿਜੈ ਨਗਰ ਗਲੀ ਨੰ.5 ਅਤੇ ਵਾਰਡ ਨੰਬਰ 6 ਵਿਚ ਪੈਂਦੇ ਇਲਾਕਾ ਆਕਾਸ਼ ਐਵੀਨਿਊ ਵਿਖੇ ਨਵੇਂ ਟਿਊਬਵੈੱਲਾਂ ਦਾ ਉਦਘਾਟਨ ਕੀਤਾ ਗਿਆ। ਇਹਨਾਂ ਟਿਊਬਵੈੱਲਾਂ ਦੇ ਲੱਗਣ ਨਾਲ ਦੋਨਾਂ ਵਾਰਡਾਂ ਦੇ ਵਸਨੀਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਦੀ ਸਪਲਾਈ ਵਿਚ ਸੁਧਾਰ ਹੋਵੇਗਾ।
ਇਸ ਅਵਸਰ ਤੇ ਆਪਣੇ ਸੰਬੋਧਨ ਵਿਚ ਮੇਅਰ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਹੈ, ਰਾਤ ਦਿਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਫੈਸਲੇ ਲੈਕੇ ਉਹਨਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਕਈ ਨਵੇਂ ਪ੍ਰੋਜੈਕਟ ਪਲੈਨ ਕੀਤੇ ਗਏ ਹਨ ਜਿਨ੍ਹਾਂ ਦੀ ਆਉਣ ਵਾਲੇ ਸਮੇਂ ਵਿਚ ਮਾਨਯੋਗ ਮੁੱਖਮੰਤਰੀ ਪੰਜਾਬ ਜੀ ਵੱਲੋਂ ਵਿਧੀਵਤ ਸ਼ੁਰੂਆਤ ਕੀਤੀ ਜਾਵੇਗੀ। ਇਸ ਮੋਕੇ ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚ ਲੋਕਾਂ ਨੁੰ ਪੀਣ ਵਾਲੇ ਸ਼ੁੱਧ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਕਰਕੇ ਜਿਹੜੇ-ਜਿਹੜੇ ਇਲਾਕਿਆਂ ਵਿਚ ਹੋਰ ਟਿਊਬਵੈੱਲ ਲਗਾਉਣ ਦੀ ਲੋੜ ਹੈ ਉੱਥੇ ਨਵੇਂ ਟਿਊਬਵੈੱਲ ਲਗਾਂਏ ਜਾ ਰਹੇ ਹਨ ਅਤੇ ਨਵੀਆਂ ਵਾਟਰ ਸਪਲਾਈ ਲਾਈਨਾਂ ਵਿਛਾਕੇ ਸਪਲਾਈ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਇਸ ਸਮੇਂ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਸਭ ਤੋਂ ਜਿਆਦਾ ਟਿਊਬਵੈੱਲ ਲਗਾਏ ਗਏ ਹਨ। ਇਸ ਮੋਕੇ ਤੇ ਮੇਅਰ ਨੇ ਸੁਨੇਹਾ ਦਿੰਦੇ ਹੋਏ ਕਿਹਾ ਕਿ ਜਿੱਥੇ ਸਾਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਲੋੜ ਹੈ, ਉੱਥੇ ਹੀ ਇਸ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਬਚਾਉ ਦੇ ਉਪਰਾਲੇ ਕਰਨ ਦੀ ਵੀ ਲੋੜ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੋਕੇ ਤੇ ਕੌਂਸਲਰ ਬਲਵਿੰਦਰ ਸਿੰਘ ਗਿੱਲ, ਡਾ: ਯਾਦਵਿੰਦਰ ਸਿੰਘ ਛੀਨਾ, ਸੁਰਿੰਦਰ ਸਿੰਘ, ਮੈਡਮ ਜੋਤੀ ਠਾਕੁਰ, ਕਰਮਜੀਤ ਸਿੰਘ, ਸੰਦੀਪ ਅਗਰਵਾਲ, ਹਰਿੰਦਰ ਸਿੰਘ, ਕੰਵਲਜੀਤ ਸਿੰਘ, ਜਰਨੈਲ ਸਿੰਘ, ਜੇ.ਈ. ਹਰਿੰਦਰ ਸਿੰਘ, ਜੇ.ਈ. ਰਮਨ ਕੁਮਾਰ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।