ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ‘ਸਿੱਖ ਅਧਿਐਨ ਦੀ ਰੂਪ-ਰੇਖਾ’ ਉਪਰ ਵਿਸ਼ੇਸ਼ ਭਾਸ਼ਣ ਦਾ ਆਯੋਜਨ

0
21

ਗੁਰਮਤਿ ਦੀ ਪਰਿਭਾਸ਼ਕ ਸ਼ਬਦਾਵਲੀ ਨੂੰ ਅਕਾਦਮਿਕ ਖੇਤਰ ਵਿੱਚ ਸਥਾਪਤ ਕਰਨਾ ਜ਼ਰੂਰੀ
ਅੰਮ੍ਰਿਤਸਰ 17 ਅਪ੍ਰੈਲ (ਪਵਿੱਤਰ ਜੋਤ) : ਅੰਮ੍ਰਿਤਸਰ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ-ਸ਼ਤਾਬਦੀ ਨੂੰ ਮੁੱਖ ਰੱਖਦਿਆਂ ਕਰਵਾਏ ਜਾ ਰਹੇ ਸਾਹਿਤਕ ਅਤੇ ਅਕਾਦਮਿਕ ਸਮਾਗਮਾਂ ਦੀ ਲੜੀ ਵਿੱਚ ਅੱਜ ਨਾਦ ਪ੍ਰਗਾਸੁ ਦੇ ਮੁੱਖ ਦਫ਼ਤਰ ਵਿਖੇ ਸਿੱਖ ਅਧਿਐਨ ਦੀ ਰੂਪ-ਰੇਖਾ ਉਪਰ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੋ੍ਰ. ਗੁਰਪਾਲ ਸਿੰਘ ਸੰਧੂ ਮੁੱਖ ਵਕਤਾ ਵਜੋਂ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਸਿੱਖ ਅਧਿਐਨ ਦੀ ਰੂਪ-ਰੇਖਾ ਸੁਨਿਸ਼ਚਿਤ ਕਰਨ ਲਈ ਸਭ ਤੋਂ ਪਹਿਲਾਂ ਸਿੱਖ ਧਰਮ ਬਾਰੇ ਉਪਲਬਧ ਅਜਿਹੇ ਦ੍ਰਿਸ਼ਟੀਕੋਣਾਂ ਨੂੰ ਤਿਆਗਣਾ ਪਵੇਗਾ ਜੋ ਇਸ ਨੂੰ ਕਿਸੇ ਵਿਸ਼ੇਸ਼ ਇਤਿਹਾਸਕ ਜਾਂ ਧਰਮ-ਸ਼ਾਸਤਰੀ ਵਰਤਾਰੇ ਦੇ ਅਰਥਾਂ ਵਿੱਚ ਪਰਿਭਾਸ਼ਤ ਕਰਦੇ ਹਨ। ਸਿੱਖ ਅਧਿਐਨ ਵਿੱਚ ਵਿਆਖਿਆ-ਸ਼ਾਸਤਰੀ ਨੁਕਤੇ ਤੋਂ ਰੂਪਕ ਦੇ ਪੁਨਰ-ਅਧਿਐਨ ਰਾਹੀਂ ਅਸੀਂ ਸਿੱਖ ਧਰਮ, ਇਤਿਹਾਸ ਅਤੇ ਦਰਸ਼ਨ ਦੇ ਸੰਕਲਪੀਕਰਣ ਦੀ ਸੰਭਾਵਨਾ ਪੈਦਾ ਕਰ ਸਕਦੇ ਹਾਂ। ਕਿਉਂਕਿ ਰੂਪਕ ਦੀ ਅਰਥ-ਪੜ੍ਹਤ ਮਾਨਵੀ ਹੋਂਦ ਨੂੰ ਅਧੀਨਤਾ ਅਤੇ ਖੜੋਤ ਤੋਂ ਮੁਕਤ ਕਰਦੀ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖੀ ਮਨੁੱਖ ਨੂੰ ਉਸਦੀ ਅਧੂਰੀ ਅਤੇ ਅਣਘੜ੍ਹ ਵਿਅਕਤੀਗਤਤਾ ਅਤੇ ਸਮਾਜਿਕਤਾ ਤੋਂ ਆਜ਼ਾਦ ਕਰਾਉਂਦੀ ਹੈ।ਸਿੱਖ ਅਕਾਦਮਿਕਤਾ ਦਾ ਪਹਿਲਾ ਕਾਰਜ ਗੁਰਮਤਿ ਦੀ ਪਰਿਭਾਸ਼ਕ ਸ਼ਬਦਾਵਲੀ ਦੀ ਮੌਲਿਕ ਅਰਥ-ਪੜ੍ਹਤ ਕਰਨਾ ਹੈ।
ਇਸ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਅਨੁਸ਼ਾਸਨ ਲਈ ਮੌਲ਼ਿਕ ਗਿਆਨ-ਸ਼ਾਸਤਰੀ ਮਾਡਲ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖ ਚਿੰਤਨ ਨੂੰ ਕੁੱਝ ਮੂਲ ਪ੍ਰਸ਼ਨਾਂ ਜਿਵੇਂ ਸਿੱਖ ਅਕਾਦਮਿਕਤਾ ਦਾ ਸਰੂਪ ਕੀ ਹੋਵੇ? ਇਸ ਦੀ ਸਮੱਸਿਆਵਾਂ ਅਤੇ ਚਿੰਤਨੀ ਅਧਿਕਾਰ ਖੇਤਰ ਅਤੇ ਮਾਨਵੀ-ਸਭਿਆਚਾਰਕ ਜੀਵਨ ਨਾਲ ਇਸਦੇ ਸੰਭਾਵਿਤ ਸੰਬੰਧਾਂ ਨੂੰ ਜਾਨਣਾ ਅਨਿਵਾਰੀ ਕਾਰਜ ਹੈ।
ਇਸ ਮੌਕੇ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਖੋਜਾਰਥੀ ਲਖਵੀਰ ਸਿੰਘ ਨੇ ਕਿਹਾ ਮੈਟਾਫਰ ਦੀ ਸਿੱਖ ਵਿਆਖਿਆਕਾਰੀ ਵਿੱਚ ਉਪਯੋਗ ਕਰਨ ਸਮੇਂ ਇਸ ਦੇ ਸਾਹਿਤਕ ਅਤੇ ਚਿੰਤਨੀ ਰੂਪ ਵਿੱਚ ਅੰਤਰ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਸਿੱਖ ਅਧਿਐਨ, ਸਾਹਿਤ ਅਧਿਐਨ ਜਿਹਾ ਵਰਤਾਰਾ ਨਾ ਬਣ ਜਾਵੇ। ਜਾਮੀਆ ਮਿਲੀਆ ਇਸਲਾਮੀਆ ਤੋਂ ਖੋਜਾਰਥੀ ਹੀਰਾ ਸਿੰਘ ਨੇ ਸਿੱਖ ਵਿਆਖਿਆਕਾਰੀ ਦੇ ਸੰਦਰਭ ਵਿੱਚ ਅਰਥ-ਸਿਰਜਣਾ ਦੀ ਪ੍ਰਕਿਰਿਆ ਬਾਰੇ ਕਿਹਾ ਕਿ ਅਰਥ ਪਸਾਰਾਂ ਨੂੰ ਵਿਆਖਿਆਉਣ ਵੇਲੇ ਸਾਨੂੰ ਅਧੂਰੀਆਂ ਸਮਾਜਿਕ ਪ੍ਰਸਥਿਤੀਆਂ ਨੂੰ ਆਪਣਾ ਆਧਾਰ ਬਣਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਵਿਸ਼ਵ-ਵਿਆਪਕਤਾ ਅਤੇ ਨਿੱਜਤਾ ਦੇ ਸ਼ੁੱਧ ਰੂਪਾਂ ਦੇ ਆਪਸੀ ਸੰਬੰਧਾਂ ਨੂੰ ਅਰਥ ਵਿਆਖਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਅੱਜ ਦੇ ਸਮਾਗਮ ਵਿੱਚ ਰਾਜ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਦੇ ਖੋਜਾਰਥੀਆਂ\ਵਿਦਿਆਰਥੀਆਂ ਤੋਂ ਇਲਾਵਾ ਪ੍ਰੋਫੈਸਰ ਗੁਰਬਖਸ਼ ਸਿੰਘ, ਡਾ. ਰਿਹਾਨ ਹਸਨ, ਡਾ. ਮਨਿੰਦਰ ਸਿੰਘ, ਡਾ. ਕਰਨਦੀਪ ਸਿੰਘ, ਡਾ. ਜਸਵੰਤ ਸਿੰਘ, ਰਾਜਵੀਰ ਕੌਰ, ਮਨਿੰਦਰ ਕੌਰ ਆਦਿ ਵੀ ਹਾਜ਼ਰ ਸਨ।

NO COMMENTS

LEAVE A REPLY