ਅੰਮ੍ਰਿਤਸਰ/ ਚੰਡੀਗੜ੍ਹ: 30 ਮਾਰਚ (ਪਵਿੱਤਰ ਜੋਤ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੇ ਗਏ ਹਮਲੇ ਦਾ ਦੋਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਸਿਰ ‘ਤੇ ਲਾਉਣ ਦੇ ਦਿੱਤੇ ਬਿਆਨਾਂ ‘ਤੇ ਸੂਬਾ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਬਿਆਨਾਂ ਦੀ ਸਖਤ ਸ਼ਬਦਾਂ ‘ਚ ਨਿਖੇਦੀ ਕਰਦਿਆਂ ਸਵਾਲ ਚੁੱਕਦੇ ਹੋਏ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਕੇਜਰੀਵਾਲ ਐਂਡ ਪਾਰਟੀ ਪਹਿਲਾਂ ਵੀ ਆਪਣੀਆਂ ਨਾਕਾਮੀਆਂ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੀ ਆਈ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਅਤੇ ਉਸ ਦੇ ਨੇਤਾਵਾਂ ਨੂੰ ਵਿਧਾਨ ਸਭਾ ਵਿੱਚ ਕਸ਼ਮੀਰੀ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ‘ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ‘ਤੇ ਵਿਅੰਗ ਕਰਦਿਆਂ ਪੂਰੀ ਦੁਨੀਆ ਨੇ ਦੇਖਿਆ ਹੈ ਅਤੇ ਕੇਜਰੀਵਾਲ ਕਹਿ ਰਹੇ ਹਨ ਕਿ ਇਸ ਫਿਲਮ ਨੂੰ ਟੈਕਸ ਮੁਕਤ ਬਣਾਉਣ ਦੀ ਬਜਾਏ ਯੂ-ਟਿਊਬ ‘ਤੇ ਪਾ ਦਿੱਤਾ ਜਾਵੇI ਸ਼ਰਮਾ ਨੇ ਸਵਾਲ ਕੀਤਾ ਕਿ ਜੇਕਰ ਇਹ ਫਿਲਮ ਯੂ-ਟਿਊਬ ‘ਤੇ ਪਾਉਣੀ ਚਾਹੀਦੀ ਹੈ ਤਾਂ ਤੁਸੀਂ ਆਪਣੀ ਸਰਕਾਰ ਦੇ ਪ੍ਰਚਾਰ ‘ਤੇ ਜਨਤਾ ਦੇ ਟੈਕਸ ਦੇ ਕਰੋੜਾਂ-ਅਰਬਾਂ ਦੇ ਕਿਉਂ ਬਰਬਾਦ ਕਰ ਰਹੇ ਹੋ? ਉਨ੍ਹਾਂ ਨੂੰ ਵੀ ਯੂਟਿਊਬ ‘ਤੇ ਹੀ ਪਾ ਦਿਓ, ਜਨਤਾ ਉਨ੍ਹਾਂ ਨੂੰ ਆਪਣੇ ਆਪ ਦੇਖ ਲਵੇਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ, ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਪਿਛਲੇ ਸਮੇਂ ਵਿਚ ਕੇਂਦਰ ਸਰਕਾਰ ‘ਤੇ ਦੋਸ਼ ਲਗਾਉਂਦੇ ਰਹੇ ਹਨ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਦਿੱਲੀ ਵਿਚ ਕੰਮ ਨਹੀਂ ਕਰਨ ਦਿੰਦੀ, ਜਦਕਿ ਦਿੱਲੀ ਦੇ ਲੋਕ ਸਭ ਜਾਣਦੇ ਹਨ ਕਿ ਕੇਜਰੀਵਾਲ ਅਤੇ ਉਸਦੀ ਸਰਕਾਰ ਦੀ ਅਸਲੀਅਤ ਕੀ ਹੈ? ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਨੂੰ ਦੀਵਾਲੀਆ ਬਣਾਉਣ ‘ਤੇ ਤੁਲੀ ਹੋਈ ਹੈ। ਅੱਜ ਦਿੱਲੀ ਦਾ ਜਲ ਵਿਭਾਗ 57,000 ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ। ਸ਼ਰਮਾ ਨੇ ਕਿਹਾ ਕਿ ਕੇਜਰੀਵਾਲ, ਭਗਵੰਤ ਮਾਨ ਅਤੇ ਉਨ੍ਹਾਂ ਦੇ ਹੋਰ ਆਗੂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਿੱਲੀ ਮਾਡਲ ਲਾਗੂ ਕਰਨ ਦੀਆਂ ਡੀਂਗਾਂ ਮਾਰਦੇ ਸਨ ਪਰ ਚੋਣ ਜਿੱਤਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵਿੱਤੀ ਮਦਦ ਦੀ ਮੰਗ ਕਰਨ ਪੁੱਜ ਗਏ ਹਨ। ਸ਼ਰਮਾ ਨੇ ਸਵਾਲ ਕੀਤਾ ਕਿ ਕੀ ਉਦੋਂ ਭਗਵੰਤ ਮਾਨ ਨੂੰ ਕੇਜਰੀਵਾਲ ਅਤੇ ਦਿੱਲੀ ਮਾਡਲ ਪੰਜਾਬ ‘ਚ ਲਾਗੂ ਕਰਨਾ ਯਾਦ ਨਹੀਂ ਆਇਆ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਚਿਹਰੇ ਤੋਂ ਮਖੌਟਾ ਉਤਰਨਾ ਸ਼ੁਰੂ ਹੋ ਗਿਆ ਹੈ।