ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਪੰਜ-ਰੋਜ਼ਾ ਵਰਕਸ਼ਾਪ ਦਾ ਆਰੰਭ

0
17

ਅੰਮ੍ਰਿਤਸਰ 28 ਮਾਰਚ (ਰਾਜਿੰਦਰ ਧਾਨਿਕ ) – ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵਿਗਿਆਨ ਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ ) ਨਵੀਂ ਦਿੱਲੀ ਵੱਲੋਂ ਸਾਂਝੇ ਤੌਰ `ਤੇ ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਪੰਜ-ਰੋਜ਼ਾ ਵਰਕਸ਼ਾਪ ਦਾ ਆਰੰਭ ਉਪਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਤੀ ਹੇਠ ਹੋਇਆ।
ਇਹ ਵਰਕਸ਼ਾਪ 28 ਮਾਰਚ, 2022 ਤੋਂ ਸ਼ੁਰੂ ਹੋ ਕੇ 01 ਅਪ੍ਰੈਲ, 2022 ਤਕ ਰੋਜ਼ਾਨਾ ਸਵੇਰੇ 10 ਵਜੇ ਤੋਂ  ਸ਼ਾਮ 5 ਵਜੇ ਤਕ ਯੂਨੀਵਰਸਿਟੀ ਦੇ ਕਾਨਫ਼ਰੰਸ ਹਾਲ (ਇਲੈਕਟ੍ਰੌਨਿਕਸ ਵਿਭਾਗ) ਵਿਖੇ ਹੋਵੇਗੀ।  ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਵਿਚ ਪ੍ਰੋ ਹਰਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਪ੍ਰਸਾਰ ਕਰਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਉਦੇਸ਼ਾਂ ਵਿੱਚੋਂ ਇਕ ਹੈ। ਇਸ ਉਦੇਸ਼ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਣਾਲੀਬੱਧ  ਵਿਕਾਸ ਲਈ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਅੱਜ ਦੀ ਵਰਕਸ਼ਾਪ ਇਕ ਅਹਿਮ ਉਪਰਾਲਾ ਹੈ।
ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਰਕਸ਼ਾਪ ਦਾ ਮਕਸਦ ਇੰਜੀਨੀਅਰਿੰਗ ਵਿਸ਼ੇ ਦੀ ਬਹੁਪੱਖੀ ਤਕਨੀਕੀ ਸ਼ਬਦਾਵਲੀ ਦਾ ਪੰਜਾਬੀ ਭਾਸ਼ਾ ਵਿਚ ਨਿਰਮਾਣ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਵਿਗਆਨਕ ਅਤੇ ਤਕਨਾਲੋਜੀ ਦੇ ਵਿਸ਼ਿਆਂ ਦੀ ਉਚੇਰੀ ਸਿੱਖਿਆ ਦਾ ਮਾਧਿਅਮ ਬਣਾਉਣ ਲਈ ਸੰਬੰਧਿਤ ਵਿਸ਼ਿਆਂ ਦੀ ਤਕਨੀਕੀ ਸ਼ਬਦਾਵਲੀ ਦਾ ਪੰਜਾਬੀ ਵਿਚ ਨਿਰਮਾਣ ਕਰਨਾ ਪਹਿਲਾ ਕਦਮ ਹੈ। ਇਸ ਤੋਂ ਬਾਅਦ ਹੀ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਦੀ ਪੰਜਾਬੀ ਵਿਚ ਰਚਨਾ ਕਰਨਾ ਸੰਭਵ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਵਰਕਸ਼ਾਪ ਦਾ ਪ੍ਰਯੋਜਨ ਇੰਜੀਨੀਅਰਿੰਗ ਦੀ ਤਕਨੀਕੀ ਸ਼ਬਦਾਵਲੀ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਕੇਵਲ ਅਨੁਵਾਦ ਕਰਨਾ ਨਹੀਂ ਹੈ ਬਲਕਿ ਪੰਜਾਬੀ ਵਿਚ ਇੰਜੀਨੀਅਰਿੰਗ ਦੀ ਢੁਕਵੀਂ ਸ਼ਬਦਾਵਲੀ ਦਾ ਨਿਰਮਾਣ ਕਰਨਾ ਹੈ।
ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੇ ਅਸਿਸਟੈਂਟ ਡਾਇਰੈਕਟਰ ਸ੍ਰੀ ਅਸ਼ੋਕ ਸੇਲਵਟਕਰ ਨੇ ਕਿਹਾ ਕਿ ਭਾਰਤ ਸਰਕਾਰ ਦੀ ਸਿੱਖਿਆ ਨੀਤੀ ਵਿਚ ਖੇਤਰੀ ਭਾਸ਼ਾਵਾਂ ਨੂੰ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਵਿਕਸਿਤ ਕਰਨਾ ਇਕ ਅਹਿਮ ਪ੍ਰਯੋਜਨ ਹੈ। ਇਸ ਪ੍ਰਯੋਜਨ ਦੇ ਤਹਿਤ ਪੰਜਾਬੀ ਭਾਸ਼ਾ ਵਿਚ ਵਿਗਿਆਨ ਅਤੇ ਤਕਨਾਲੋਜੀ ਵਿਸ਼ਿਆਂ ਦੀ ਤਕਨੀਕੀ ਸ਼ਬਦਾਵਲੀ ਦੇ ਨਿਰਮਾਣ ਹਿੱਤ ਕਮਿਸ਼ਨ ਪੂਰੀ ਪ੍ਰਤੀਬੱਧਤਾ ਨਾਲ ਕਾਰਜਸ਼ੀਲ ਹੈ।
ਵਰਕਸ਼ਾਪ ਦੇ ਕੋ-ਕੋਆਰਡੀਨੇਟਰ ਡਾ. ਰਵਿੰਦਰ ਕੁਮਾਰ, ਅਸਿਸਟੈਂਟ ਪ੍ਰੋਫ਼ੈਸਰ, ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੇ ਕਿਹਾ ਕਿ ਇਸ ਵਰਕਸ਼ਾਪ ਦੌਰਾਨ ਇੰਜੀਨੀਅਰਿੰਗ ਦੀ ਗਿਆਨਮੂਲਕ ਅਤੇ ਤਕਨੀਕੀ ਸ਼ਬਦਾਵਲੀ ਦਾ ਪੰਜਾਬੀ ਭਾਸ਼ਾ ਵਿਚ ਨਿਰਮਾਣ ਕਰਕੇ ਅਜਿਹਾ ਮੁੱਢਲਾ ਕਾਰਜ ਕੀਤਾ ਜਾਵੇਗਾ ਜਿਸ ਸਦਕਾ ਪੰਜਾਬੀ ਵਿਚ ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਪੁਸਤਕਾਂ ਦੀ ਰਚਨਾ ਸੰਭਵ ਹੋ ਸਕੇਗੀ।
ਉਦਘਾਟਨੀ ਸੈਸ਼ਨ ਦੇ ਅੰਤ ਵਿਚ ਇਲੈਕਟ੍ਰੌਨਿਕਸ ਟੈਕਨਾਲੋਜੀ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਆਰ ਐੱਸ ਸਾਹਨੀ ਨੇ ਆਏ ਹੋਏ ਮਾਹਿਰ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ ਰਮਿੰਦਰ ਕੌਰ, ਡਾ ਸੰਦੀਪ ਸ਼ਰਮਾ, ਡਾ ਐੱਮ ਐੱਲ ਸਿੰਘ, ਡਾ ਰਾਜਵਿੰਦਰ ਸਿੰਘ,  ਡਾ ਮੇਘਾ ਸਲਵਾਨ,  ਡਾ ਹਰਿੰਦਰ ਕੌਰ ਅਤੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਇੰਜੀਨੀਅਰਿੰਗ ਸੰਸਥਾਵਾਂ ਵਿਚੋਂ ਪੰਜਾਬੀ ਭਾਸ਼ਾ ਅਤੇ ਇੰਜੀਨੀਅਰਿੰਗ ਦੇ ਮਾਹਿਰ ਵਿਦਵਾਨ ਹਾਜ਼ਰ ਸਨ।

NO COMMENTS

LEAVE A REPLY