ਜਿਲ੍ਹਾ ਅੰਮ੍ਰਿਤਸਰ ਵਿਚ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ-ਪਹਿਲੇ ਦਿਨ ਕਿਸੇ ਉਮੀਦਵਾਰ ਨੇ ਨਹੀਂ ਭਰੇ ਕਾਗਜ਼

0
47

ਅੰਮ੍ਰਿਤਸਰ ਵਿਚ 19 ਲੱਖ ਤੋਂ ਵੱਧ ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ-ਜਿਲ੍ਹਾ ਚੋਣ ਅਧਿਕਾਰੀ
ਹੁਣ ਤੱਕ 95 ਫੀਸਦੀ ਲਾਇਸੈਂਸੀ ਹਥਿਆਰ ਹੋ ਚੁੱਕੇ ਹਨ ਜਮਾ-ਪੁਲਿਸ ਕਮਿਸ਼ਨਰ
-ਦਿਹਾਤੀ ਖੇਤਰ ਵਿਚ 202 ਸ਼ਰਾਰਤੀ ਅਨਸਰਾਂ ਦੀ ਕੀਤੀ ਪਛਾਣ-ਐਸ ਐਸ ਪੀ
ਅੰਮ੍ਰਿਤਸਰ, 25 ਜਨਵਰੀ (ਪਵਿੱਤਰ ਜੋਤ )-ਵਿਧਾਨ ਸਭਾ ਚੋਣਾਂ ਲਈ ਅੱਜ ਰਾਸ਼ਟਰੀ ਵੋਟਰ ਦਿਵਸ ਵਾਲੇ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਅਤੇ ਉਮੀਦਵਾਰ 1 ਫਰਵਰੀ ਤੱਕ ਆਪਣੇ ਨਾਮਜ਼ਦਗੀ ਕਾਗਜ਼ ਭਰ ਸਕਦੇ ਹਨ। ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੰਦੇ ਜਿਲ੍ਹਾ ਚੋਣ ਅਧਿਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਭਾਵੇਂ ਉਮੀਦਵਾਰ ਆਨ ਲਾਈਨ ਨਾਮਜਦਗੀ ਕਾਗਜ਼ ਭਰ ਸਕਦਾ ਹੈ, ਪਰ ਉਸ ਨੂੰ ਕਾਗਜ਼ ਦਾਖਲ ਕਰਨ ਵਾਸਤੇ ਨਿੱਜੀ ਤੌਰ ਉਤੇ ਆਪਣੇ ਰਿਟਰਨਿੰਗ ਅਧਿਕਾਰੀ ਕੋਲ ਆਉਣਾ ਪਵੇਗਾ। ਉਨਾਂ ਦੱਸਿਆ ਕਿ ਕੋਰੋਨਾ ਦੇ ਚੱਲਦੇ 2 ਵਿਅਕਤੀ ਅਤੇ 2 ਵਾਹਨਾਂ ਨੂੰ ਕਾਗਜ਼ ਦਾਖਲ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਅੱਜ ਪਹਿਲੇ ਦਿਨ ਕਿਸੇ ਉਮੀਦਵਾਰ ਨੇ ਆਪਣੇ ਕਾਗਜ਼ ਦਾਖਲ ਨਹੀਂ ਕਰਵਾਏ। ਸ. ਖਹਿਰਾ ਨੇ ਦੱਸਿਆ ਕਿ ਜਿਲ੍ਹੇ ਦੇ 1944090 ਵੋਟਰ, ਜਿੰਨਾ ਵਿਚ 1023975 ਮਰਦ ਅਤੇ 920047 ਮਹਿਲਾ ਵੋਟਰਾਂ ਲਈ 2194 ਬੂਥ ਬਣਾਏ ਗਏ ਹਨ ਅਤੇ ਵੋਟਾਂ ਦਾ ਕੰਮ ਨੇਪਰੇ ਚਾੜਨ ਲਈ 15 ਹਜ਼ਾਰ ਦੇ ਕਰੀਬ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਬਜ਼ੁਰਗ ਵੋਟਰ ਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀ ਸਹਾਇਤਾ ਲਈ ਜਿਲ੍ਹੇ ਵਿਚ ਪ੍ਰਾਜੈਕਟ ਸਨਮਾਨ, ਜਿਸ ਨੂੰ ਆਉ ਵੋਟ ਪਾਉਣ ਚੱਲੀਏ ਦਾ ਨਾਅਰਾ ਦਿੱਤਾ ਗਿਆ ਹੈ, ਵੀ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਹਰ ਨੌਜਵਾਨ ਵੋਟਰ, ਜਿਸ ਨੇ ਪਹਿਲੀ ਵਾਰ ਵੋਟ ਪਾਉਣੀ ਹੈ, ਨੂੰ ਬਜ਼ੁਰਗ ਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਵੋਟ ਬੂਥ ਤੱਕ ਨਾਲ ਲੈ ਕੇ ਜਾਣ ਦੀ ਪਹਿਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿਲ੍ਹੇ ਵਿਚ ਇਸ ਵਾਰ 18 ਸਾਲ ਉਮਰ ਪੂਰੀ ਕਰਨ ਵਾਲੇ 22036 ਨਵੇਂ ਵੋਟਰ ਦਰਜ ਕੀਤੇ ਗਏ ਹਨ, ਜੋ ਕਿ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ। ਉਨਾਂ ਦੱਸਿਆ ਕਿ ਅਸੀਂ ਸ਼ਹਿਰੀ ਖੇਤਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਮਾਡਲ ਚੋਣ ਬੂਥ ਬਣਾ ਰਹੇ ਹਾਂ, ਜਿੱਥੇ ਵੋਟਰ ਲਈ ਹਰ ਤਰਾਂ ਦੀ ਸਹੂਲਤ ਦੇ ਨਾਲ-ਨਾਲ ਬੂਥਾਂ ਦੀ ਸਜਾਵਟ ਕਰਕੇ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਵਿਚ ਵੱਧ ਤੋੋ ਵੱਧ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਸ. ਖਹਿਰਾ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਦੇ ਚੱਲਦੇ ਹਰੇਕ ਬੂਥ ਉਤੇ ਮਾਸਕ, ਆਪਸੀ ਦੂਰੀ, ਆਦਿ ਵਰਗੇ ਨਿਯਮਾਂ ਦਾ ਪਾਲਣਾ ਵੀ ਯਕੀਨੀ ਬਣਾਇਆ ਜਾਵੇਗਾ, ਜਿਸ ਲਈ ਸਿਵਲ ਸਰਜਨ ਵੱਲੋਂ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਜਾਣਗੇ। ਸ. ਖਹਿਰਾ ਨੇ ਦੱਸਿਆ ਕਿ ਉਮੀਦਵਾਰਾਂ ਦੇ ਖਰਚੇ ਉਤੇ ਨਿਗ੍ਹਾ ਰੱਖਣ ਲਈ ਪ੍ਰਤੀ ਵਿਧਾਨ ਸਭਾ ਹਲਕਾ ਇਕ ਸਹਾਇਕ ਖਰਚਾ ਅਬਜ਼ਰਵਰ, 9 ਫਲਾਇੰਗ ਟੀਮਾਂ, ਤਿੰਨ ਵੀਡੀਓ ਕੈਮਰਿਆਂ ਨਾਲ ਲੈਸ ਵਾਹਨ, 9 ਸਟੇਟਿਕ ਸਰਵੈਲੈਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਮੀਦਵਾਰਾਂ ਵੱਲੋਂ ਮੀਡੀਆ ਉਤੇ ਕੀਤੇ ਜਾਣ ਵਾਲੇ ਖਰਚ ਲਈ ਮੀਡੀਆ ਸੈਲ ਵੀ ਕੰਮ ਕਰ ਰਿਹਾ ਹੈ।
ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਵਿਚ ਪੈਂਦੇ 5 ਵਿਧਾਨ ਸਭਾ ਹਲਕਿਆਂ ਦੇ 331 ਬੂਥਾਂ ਤੇ ਅਮਨ ਸਾਂਤੀ ਨਾਲ ਵੋਟਾਂ ਪਾਉਣ ਲਈ ਸਾਡੀ ਪੂਰੀ ਤਿਆਰੀ ਹੈ। ਉਨਾਂ ਕਿਹਾ ਕਿ ਇਸ ਲਈ 43 ਨਾਕੇ ਦਿਨ ਰਾਤ ਲੱਗੇ ਹੋਏ ਹਨ ਤੇ ਅਸੀਂ 29 ਕੰਪਨੀਆਂ ਪੈਰਾ ਮਿਲਟਰੀ ਫੋਰਸ ਦੀਆਂ ਮੰਗੀਆਂ ਹਨ, ਜਿਸ ਵਿਚੋ 5 ਕੰਪਨੀਆਂ ਪਹੁੰਚ ਚੁੱਕੀਆਂ ਹਨ। ਉਨਾਂ ਦੱਸਿਆ ਕਿ ਲਾਇਸੈਂਸੀ ਹਥਿਆਰਾਂ ਵਿਚੋਂ 95 ਫੀਸਦੀ ਤੋਂ ਵੱਧ ਹਥਿਆਰ ਜਮਾ ਕਰਵਾਏ ਜਾ ਚੁੱਕੇ ਹਨ ਅਤੇ 121 ਸ਼ਰਾਰਤੀ ਅਨਸਰਾਂ ਦਾ ਵਿਸੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਹਿਲੋਰੀ ਨੇ ਦੱਸਿਆ ਕਿ ਦਿਹਾਤੀ ਖੇਤਰ ਵਿਚ 30 ਪੱਕੇ ਨਾਕੇ ਕੰਮ ਕਰ ਰਹੇ ਹਨ, ਇਸ ਤੋਂ ਇਲਾਵਾ ਗਸ਼ਤ ਪਾਰਟੀਆਂ ਦਿਨ-ਰਾਤ ਡਿਊਟੀ ਦੇ ਰਹੀਆਂ ਹਨ। ਉਨਾਂ ਦੱਸਿਆ ਕਿ ਸ਼ਰਾਬ, ਨਸ਼ੇ ਤੇ ਭਗੌੜੇ ਵਿਅਕਤੀਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਤੋਂ ਇਲਾਵਾ 202 ਅਜਿਹੇ ਵਿਅਕਤੀ ਜੋ ਚੋਣਾਂ ਵੇਲੇ ਕੋਈ ਸ਼ਰਾਰਤ ਕਰ ਸਕਦੇ ਹਨ, ਦੇ ਵੀ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਅਮਨ-ਸਾਂਤੀ ਭੰਗ ਕਰਨ ਦਾ ਮੌਕਾ ਨਹੀਂ ਦਿਆਂਗੇ ਤੇ ਵੋਟਾਂ ਪੂਰੇ ਅਮਨ ਨਾਲ ਕਰਵਾਂਗੇ।

NO COMMENTS

LEAVE A REPLY