ਇਸ ਵਾਰ ਹਰੇਕ ਵੋਟਰ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ-ਜਿਲ੍ਹਾ ਚੋਣ ਅਧਿਕਾਰੀ

0
26

 

ਅੰਮ੍ਰਿਤਸਰ, 25 ਜਨਵਰੀ ( ਰਾਜਿੰਦਰ ਧਾਨਿਕ)-12ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਆਨ-ਲਾਇਨ ਜੁੜੇ ਜਿਲ੍ਹਾ ਵਾਸੀਆਂ, ਜਿਸ ਵਿਚ ਸਕੂਲਾਂ ਦੇ ਅਧਿਆਪਕ, ਬੀ ਐਲ ਓ ਅਤੇ ਹੋਰ ਚੋਣ ਅਮਲਾ ਸ਼ਾਮਿਲ ਸੀ, ਨੂੰ ਸੰਬੋਧਨ ਕਰਦੇ ਜਿਲ੍ਹਾ ਚੋਣ ਅਧਿਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਲੋਕਤੰਤਰ ਦੇ ਇਸ ਤਿਉਹਾਰ ਦੀ ਮੁਬਾਰਕਬਾਦ ਦਿੰਦੇ ਕਿਹਾ ਕਿ ਵੱਡੇ ਸੰਘਰਸ਼ ਨਾਲ ਮਿਲੇ ਵੋਟ ਦੇ ਇਸ ਅਧਿਕਾਰ ਦੀ ਵਰਤੋਂ ਕਰਨੀ ਸਾਡਾ ਮੁੱਢਲਾ ਫਰਜ਼ ਹੈ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸਾਡੀ ਕੋਸ਼ਿਸ਼ ਹੋਵੇਗੀ ਕਿ ਹਰੇਕ ਵੋਟਰ ਚਾਹੇ ਉਹ ਬਜ਼ੁਰਗ ਹੋਵੇ ਜਾਂ ਵਿਸ਼ੇਸ਼ ਲੋੜ ਵਾਲਾ, ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰੀਏ। ਉਨਾਂ ਕਿਹਾ ਕਿ ਇਸ ਲਈ ਅਸੀਂ ਨੌਜਵਾਨ ਵੋਟਰਾਂ ਦੀ ਮਦਦ ਵੀ ਲੈ ਰਹੇ ਹਾਂ। ਸ. ਖਹਿਰਾ ਨੇ ਦੱਸਿਆ ਕਿ ਇਸ ਵਾਰ ਜਿੱਥੇ 22036 ਵੋਟਰ, ਜੋ ਕਿ 18 ਸਾਲ ਦੇ ਹੋਏ ਹਨ, ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 60 ਤੋਂ 69 ਸਾਲ ਉਮਰ ਵਰਗ ਦੇ 204328 ਵੋਟਰ, 70 ਤੋਂ 79 ਸਾਲ ਉਮਰ ਵਰਗ ਦੇ 115902, 80 ਤੋਂ 89 ਸਾਲ ਉਮਰ ਵਰਗ ਦੇ 40258 ਅਤੇ 90 ਤੋ 99 ਸਾਲ ਉਮਰ ਵਰਗ ਦੇ 8545 ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸ. ਖਹਿਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਾਡੇ ਜਿਲ੍ਹੇ ਵਿਚ 100 ਸਾਲ ਤੋਂ ਉਪਰ ਉਮਰ ਦੇ 753 ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਵਿਸ਼ੇਸ਼ ਯਤਨ ਕੀਤੇ ਜਾਣਗੇ। ਸ. ਖਹਿਰਾ ਨੇ ਵੋਟਾਂ ਦੇ ਕੰਮ ਵਿਚ ਲੱਗੇ ਸਾਰੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਸਾਬਾਸ਼ ਦਿੰਦੇ ਕਿਹਾ ਕਿ ਤੁਹਾਡੇ ਇੰਨਾ ਯਤਨਾਂ ਨਾਲ ਹੀ ਇਹ ਕੰਮ ਸਹੀ ਤਰੀਕੇ ਨਾਲ ਨੇਪਰੇ ਚਾੜਨਾ ਹੈ। ਉਨਾਂ ਦੱਸਿਆ ਕਿ 2218 ਦੇ ਕਰੀਬ ਬੂਥ ਲੈਵਲ ਅਧਿਕਾਰੀਆਂ ਦੀ ਕੋਸ਼ਿਸ਼ ਨਾਲ ਨਵੇਂ ਵੋਟਰਾਂ ਦੇ ਨਾਮ ਦਰਜ ਹੋਏ ਹਨ। ਇਸ ਮੌਕੇ ਸ. ਖਹਿਰਾ ਨੇ ਗਾਇਕ ਹਰਿੰਦਰ ਸੋਹਲ ਤੇ ਗਾਇਕਾ ਮਨਪ੍ਰੀਤ ਸੋਹਲ ਵੱਲੋ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਤੌਰ ਉਤੇ ਤਿਆਰ ਕੀਤਾ ਗੀਤ ਰਿਲੀਜ਼ ਕੀਤਾ। ਇਸ ਤੋਂ ਇਲਾਵਾ ਗੁੰਮਟਾਲਾ ਸਕੂਲ ਦੇ ਅਧਿਆਪਕ ਸ੍ਰੀ ਬਲਜਿੰਦਰ ਮਾਨ ਵੱਲੋਂ 18400 ਟੂਥ ਪਿਕ ਨਾਲ ਵੋਟਰ ਦਿਵਸ ਮੌਕੇ ਤਿਆਰ ਕੀਤੇ ਵਿਸੇਸ਼ ਮਾਡਲ ਨੂੰ ਪ੍ਰਦਰਸ਼ਿਤ ਕਰਦੇ ਹੋਏ ਸ੍ਰੀ ਮਾਨ ਦੀ ਹੌਸਲਾ ਅਫਜ਼ਾਈ ਕੀਤੀ। ਉਨਾਂ ਇਸ ਮੌਕੇ ਅੰਕੜੇ ਦੇ ਅਧਾਰ ਉਤੇ ਆਏ ਨਤੀਜੇ ਅਨੁਸਾਰ ਵਧੀਆ ਈ. ਆਰ. ਓ ਵਜੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੂਹੀ ਦੁੱਗ, ਵਧੀਆ ਨੋਡਲ ਅਧਿਕਾਰੀ ਵਜੋਂ ਸ੍ਰੀ ਬਰਿੰਦਰਜੀਤ ਸਿੰਘ ਦਯਾਨੰਦ ਆਈ ਟੀ ਆਈ ਅਤੇ ਵਧੀਆ ਬੀ ਐਲ ਓ ਵਜੋਂ 149 ਨੰਬਰ ਬੂਥ ਦੇ ਸ੍ਰੀ ਸਾਹਿਲ ਹਸਤੀਰ ਦਾ ਨਾਮ ਐਲਾਨਿਆ। ਉਨਾਂ ਕਿਹਾ ਕਿ ਕੰਮ ਭਾਵੇਂ ਸਾਰੇ ਬਹੁਤ ਵਧੀਆ ਕਰ ਰਹੇ ਹਨ, ਪਰ ਅੰਕੜਿਆਂ ਅਨੁਸਾਰ ਇਹ ਅਧਿਕਾਰੀ ਅੱਜ ਦੇ ਵਧੀਆ ਚੋਣ ਅਧਿਕਾਰੀ ਐਲਾਨੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਆਰ ਓ ਸ. ਅਰਵਿੰਦਰਪਾਲ ਸਿੰਘ, ਜਿਲ੍ਹਾ ਸਿੱਖਿਆ ਅਧਿਕਾਰੀ ਸ. ਜੁਗਰਾਜ ਸਿੰਘ, ਨੋਡਲ ਅਧਿਕਾਰੀ ਸਵੀਪ ਸ੍ਰੀ ਜਸਬੀਰ ਸਿੰਘ ਗਿੱਲ, ਸ੍ਰੀਮਤੀ ਕੁਲਦੀਪ ਕੌਰ ਸੀ ਡੀ ਪੀ ਓ, ਚੋਣ ਕਾਨੂੰਗੋ ਸ੍ਰੀ ਸੌਰਵ ਖੋਸਲਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸ. ਖਹਿਰਾ ਨੇ ਇਸ ਮੌਕੇ ਪਹਿਲੀ ਵਾਰ ਵੋਟਰ ਬਣੇ 5 ਨਵੇਂ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੀ ਤਕਸੀਮ ਕੀਤੇ।

 

NO COMMENTS

LEAVE A REPLY