ਆਮ ਆਦਮੀ ਕਲਿਨਿਕਾਂ ਨੂੰ ਖੋਲ੍ਹਣ ਦਾ ਐਲਾਨ ਅਸਲੀਅਤ ਤੋਂ ਕੋਹਾਂ ਦੂਰ

0
7

ਅੰਮ੍ਰਿਤਸਰ 24 ਜਨਵਰੀ (ਰਾਜਿੰਦਰ ਧਾਨਿਕ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸਰਪ੍ਰਸਤ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਪ੍ਰਧਾਨ ਅਸ਼ੋਕ ਸ਼ਰਮਾ ਤੇ ਜਨਰਲ ਸਕੱਤਰ ਪਲਵਿੰਦਰ ਸਿੰਘ ਧੰਮੂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਆਮ ਆਦਮੀ ਕਲਿਨਿਕਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ ਤੇ ਵੱਡੇ ਪੱਧਰ ਵੱਖ ਵੱਖ ਪੱਧਰਾਂ ਤੇ ਪ੍ਰਚਾਰ ਕੀਤਾ ਗਿਆ ਸੀ ਤੇ ਕੀਤਾ ਜਾ ਰਿਹਾ ਹੈ, ਇਹ ਅਸਲੀਅਤ ਤੋਂ ਕੋਹਾਂ ਦੂਰ ਹੈ। ਕਿਉਂਕਿ ਜਿਵੇਂ ਪਹਿਲਾਂ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਆਮ ਆਦਮੀ ਕਲਿਨਿਕਾਂ ਨੂੰ ਚਲਾਉਣ ਲਈ ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ ਤੇ ਇਹ ਨਵੀਆਂ ਇਮਾਰਤਾਂ ਬਣਾ ਕੇ ਇੱਕ ਵੱਖਰੀ ਕਿਸਮ ਦਾ ਕੰਮ ਕਰਕੇ ਆਮ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਨਗੇ ਪਰ ਹੁਣ ਪੁਰਾਣੇ ਭਰਤੀ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਹੀ ਇਹਨਾਂ ਕੇਂਦਰਾਂ ਨੂੰ ਚਲਾਉਣ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੋ ਕਿ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਨਾਲ ਕੋਝਾ ਮਜ਼ਾਕ ਹੈ।ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਅਧੀਨ ਸਾਲਾਂ ਤੋਂ ਨਿਗੂਣੇ ਜਿਹੇ ਮਿਹਨਤਾਨੇ ਤੇ ਕੰਮ ਕਰ ਰਹੇ ਪੇਂਡੂ ਫਾਰਮੇਸੀ ਅਫਸਰਾਂ ਦੀਆਂ ਸੇਵਾਵਾਂ ਵੀ ਇਹਨਾਂ ਸੈਂਟਰਾਂ ਵਿੱਚ ਇਸਤੇਮਾਲ ਕਰਨ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਹਨ ਜਦਕਿ ਉਹਨਾਂ ਨਾਲ ਤਨਖਾਹ ਤੇ ਸੇਵਾਵਾਂ ਨਿਯਮਿਤ ਕਰਨ ਦੇ ਕੀਤੇ ਵਾਅਦੇ ਲਗਪਗ ਭੁਲਾ ਦਿੱਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹ ਸਾਰਾ ਕੰਮ ਆਨਲਾਈਨ ਕਰਨ ਲਈ ਹਰ ਕੇਂਦਰ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਲਾਜ਼ਮੀ ਤੌਰ ਤੇ ਭਰਤੀ ਕਰਨੀ ਚਾਹੀਦੀ ਸੀ ਪਰ ਹੁਣ ਤੱਕ ਉਸ ਸਬੰਧੀ ਕੁਝ ਵੀ ਨਹੀਂ ਕੀਤਾ ਗਿਆ,ਜਿਸ ਨਾਲ ਪਹਿਲਾਂ ਹੀ ਵਿਭਾਗੀ ਕੰਮਾਂ ਦੇ ਬੋਝ ਥੱਲੇ ਦੱਬੇ ਮੁਲਾਜ਼ਮਾਂ ਉੱਤੇ ਦਾਰੋਮਦਾਰ ਵਧੇਗਾ ਤੇ ਨਤੀਜੇ ਵਜੋਂ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਤੇ ਵੀ ਨਾਂਹ ਪੱਖੀ ਅਸਰ ਪੈਣ ਦੀ ਪੂਰੀ ਸੰਭਾਵਨਾ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ ਦੇ ਪ੍ਰਚਾਰ ਤੇ ਕ੍ਰੋੜਾਂ ਰੁਪਏ ਖ਼ਰਚਣ ਦੀ ਬਜਾਏ ਨਵੀਂ ਭਰਤੀ ਕਰਕੇ ਨੌਜਵਾਨ ਪੀੜ੍ਹੀ ਨੂੰ ਕੰਮ ਦਿੱਤਾ ਜਾਵੇ ਤੇ ਪਹਿਲਾਂ ਤੋਂ ਚੱਲ ਰਹੀਆਂ ਸਿਹਤ ਸੰਸਥਾਵਾਂ ਨੂੰ ਬਰਬਾਦ ਨਾ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰ ਆਮ ਆਦਮੀ ਕਲੀਨਿਕ ਅਤੇ ਮੁਹੱਲਾ ਕਲੀਨਿਕ ਖੌਲਣ ਦੀ ਆੜ ਹੇਠ ਪੇਂਡੂ ਡਿਸਪੈਂਸਰੀਆਂ ਨੂੰ ਬੰਦ ਕਰਕੇ ਲੋਕਾਂ ਨੂੰ ਆਪਣੇ ਪਿੰਡ ਨੇੜੇ ਪਿਛਲੇ ਕਈ ਦਹਾਕਿਆਂ ਮਿਲ ਰਹੀਆਂ ਮੁਢਲੀਆਂ ਸਿਹਤ ਸਹੂਲਤਾਂ ਤੋਂ ਵੀ ਵਾਂਝਿਆਂ ਕਰ ਰਹੀ ਹੈ । ਇਸ ਸਮੇਂ ਜਸਮੇਲ ਸਿੰਘ ਵੱਲਾ, ਤਸਬੀਰ ਸਿੰਘ ਰੰਧਾਵਾ, ਨਿਰਮਲ ਸਿੰਘ ਮਜੀਠਾ, ਗੁਰਸ਼ਰਨ ਸਿੰਘ ਬੱਬਰ, ਲਵਜੀਤ ਸਿੰਘ ਸਿੱਧੂ, ਕਰਨ ਸਿੰਘ ਲੋਪੋਕੇ, ਵਰਿੰਦਰ ਸਿੰਘ, ਮੁਕੇਸ਼ ਕੁਮਾਰ, ਰਣਜੀਤ ਸਿੰਘ ਵੇਰਕਾ, ਹਰਮੀਤ ਸਿੰਘ ਤਰਸਿੱਕਾ, ਗੁਰਮੇਜ ਸਿੰਘ ਛੀਨਾ, ਕੁਲਵਿੰਦਰ ਕੌਰ, ਰਸ਼ਪਾਲ ਸਿੰਘ ਕਾਹਲੋਂ, ਗੁਰਦਿਆਲ ਭਗਤ, ਗੁਰਮੇਲ ਸਿੰਘ ਮਾਨਾਂਵਾਲਾ, ਵੀ ਮੌਜੂਦ ਸਨ।

NO COMMENTS

LEAVE A REPLY