ਮਲੂਕੇ ਨੂੰ ਆਪਣੇ ਆਪ ਦਾ ਮੌਜੂ ਨਾ ਬੰਨ੍ਹਣ ਦੇਣ ਅਤੇ ’ਤੂ ਕੌਣ ਮੈ ਖਾਹ ਮ ਖਾਹ’ ਨਾ ਬਣਨ ਦੀ ਦਿੱਤੀ ਸਲਾਹ
ਬਾਦਲਕਿਆਂ ਦੇ ਇਕ ਪਾਸੇ ਵਿਰੋਧ ਅਤੇ ਦੂਜੇ ਪਾਸੇ ਗਠਜੋੜ ਲਈ ਲਿਲ੍ਹਕੜੀਆਂ ਵਾਲੇ ਦੋਹਰੇ ਸਟੈਂਡ ਦੀ ਆਲੋਚਨਾ
ਅੰਮ੍ਰਿਤਸਰ 19 ਨਵੰਬਰ (ਰਾਜਿੰਦਰ ਧਾਨਿਕ ) ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ਗੱਠਜੋੜ ਦਾ ਖ਼ਿਆਲੀ ਪਲਾਉ ਆਈ ਸੀ ਯੂ ’ਚ ਪਏ ਅਕਾਲੀ ਦਲ ਨੂੰ ਆਕਸੀਜਨ ਦੇਣ ਦੀ ਇਕ ਤਰਕੀਬ ਤੋਂ ਬਿਨਾ ਹੋਰ ਕੁਝ ਨਹੀਂ। ਉਨ੍ਹਾਂ ਮਲੂਕਾ ਨੂੰ ਸਲਾਹ ਦਿੱਤੀ ਹੈ ਕਿ ਉਹ ਬਾਦਲਾਂ ਦੇ ਪਿੱਛੇ ਲਗ ਕੇ ਨਾ ਖਵਾਰ ਹੋਣ ਅਤੇ ਨਾ ਹੀ ਆਪਣੇ ਆਪ ਦਾ ਮੌਜੂ ਬੰਨ੍ਹਣ ਦੇਣ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਨੇ ਅਕਾਲੀ ਦਲ ਨਾਲ ਮੁੜ ਗੱਠਜੋੜ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ ਤਾਂ ਭਵਿੱਖ ’ਚ ਛੋਟੇ ਜਾਂ ਵੱਡੇ ਭਰਾ ਦੀ ਭੂਮਿਕਾ ਦਾ ਸਵਾਲ ਕਿਥੋਂ ਉੱਠਦਾ ਹੈ? ਉਨ੍ਹਾਂ ਕਿਹਾ ਕਿ ਮਲੂਕਾ ਵਾਰ ਵਾਰ ਭਾਜਪਾ ਨਾਲ ਸਮਝੌਤੇ ਦਾ ਢੌਂਗ ਰਚ ਕੇ ’ਤੂੰ ਕੋਣ ਮੈ ਖਾਹ ਮ ਖਾਹ’ ਵਾਲੀ ਭੂਮਿਕਾ ਨਿਭਾ ਕੇ ਆਪਣੇ ਆਪ ਦਾ ਵਿਅੰਗ ਬਣਾ ਰਿਹਾ ਹੈ। ਉਨ੍ਹਾਂ ਅਕਾਲੀਆਂ ਦੇ ਦੋਹਰੇ ਪੈਂਤੜੇ ਦੀ ਆਲੋਚਨਾ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਇਕ ਪਾਸੇ ਜਿੱਥੇ ਭਾਜਪਾ ਨਾਲ ਸਾਂਝ ਪਾਉਣ ਦੇ ਦੋਸ਼ ’ਚ ਆਪਣੇ ਸੀਨੀਅਰ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨਾਲ ਜੁੜੇ ਅਕਾਲੀ ਆਗੂ ਭਾਜਪਾ ਪ੍ਰਤੀ ਤਿੱਖਾ ਵਿਰੋਧ ਜਤਾ ਰਹੇ ਹਨ ਤਾਂ ਦੂਜੇ ਪਾਸੇ ਮਲੂਕਾ ਵਰਗੇ ਗੱਠਜੋੜ ਲਈ ਲਿਲ੍ਹਕੜੀਆਂ ਕੱਢ ਰਹੇ ਹਨ। ਸਮਝੌਤੇ ਲਈ ਭਾਜਪਾ ਨੂੰ ਨਸੀਹਤਾਂ ਦੇਣ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਹਿੰਦੂ ਅਤੇ ਸਿੱਖ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਅਕਾਲੀ ਦਲ ਨਾਲ 26 ਸਾਲ ਛੋਟੇ ਭਰਾ ਦੇ ਰੂਪ ’ਚ ਗੱਠਜੋੜ ਧਰਮ ਨੂੰ ਨਿਭਾਇਆ। ਜਿਸ ਨੂੰ ਬਾਦਲਾਂ ਨੇ ਆਪਣੇ ਸਵਾਰਥੀ ਹਿਤਾਂ ਲਈ ਉਸ ਸਮੇਂ ਆਪ ਛੱਡਿਆ ਜਦ ਭਾਜਪਾ ਨੂੰ ਇਸ ਦੀ ਸਖ਼ਤ ਲੋੜ ਸੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਨੂੰ ਵਾਪਸ ਲੈਣ ਵਿਚ ਭਾਜਪਾ ਨੂੰ ਨਮੋਸ਼ੀ ਨਹੀਂ, ਸਗੋਂ ਫ਼ਖਰ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੇ ਪਰਉਪਕਾਰਾਂ ਨੂੰ ਸਿੱਜਦਾ ਕਰਦਿਆਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਸਿੱਖ ਪੰਥ ਨਾਲ ਡੂੰਘੇ ਪ੍ਰੇਮ ਅਤੇ ਭਾਵਨਾਤਮਕ ਸਾਂਝ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੇਸ਼ ਵਿਦੇਸ਼ ਦੇ ਸਮੂਹ ਸਿੱਖ ਭਾਈਚਾਰੇ ਦਾ ਦਿਲ ਜਿੱਤ ਲਿਆ ਹੈ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਭਾਜਪਾ ਸਮਝਦੀ ਹੈ ਕਿ ਅਕਾਲੀ ਆਗੂ ਆਪਣੀਆਂ ਸਫ਼ਾਂ ਵਿਚ ਫੈਲੀ ਨਿਰਾਸ਼ਾ ਤੇ ਨਮੋਸ਼ੀ ਕਾਰਨ ਬੁਖਲਾਹਟ ਵਿਚ ਹਨ। ਪਿਛਲੇ ਸਮੇਂ ਵਿਚ ਭਾਜਪਾ ਅਤੇ ਇਸ ਦੇ ਆਗੂਆਂ ਖ਼ਿਲਾਫ਼ ਕੂੜ ਅਤੇ ਬੇਬੁਨਿਆਦ ਪ੍ਰਚਾਰ ਕਰਨ ਵਾਲੇ ਅਕਾਲੀ ਆਗੂ ਆਪਣੀ ਸਿਆਸੀ ਹੋਂਦ ਬਚਾਅ ਕੇ ਰੱਖਣ ਅਤੇ ਹਮੇਸ਼ਾਂ ਸੱਤਾ ਵਿਚ ਬਣੇ ਰਹਿਣ ਲਈ ਕੁਝ ਵੀ ਕਰ ਸਕਦੇ ਹਨ। ਜੋ ਭਾਜਪਾ ਨਾਲ ਭਾਈਵਾਲੀ ਕੀਤੇ ਬਿਨਾ ਸੰਭਵ ਨਹੀਂ ਹੈ। ਹੁਣ ਇਹ ਲੋਕ ਜਲਦੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਜੱਸ ਗਾਉਣ ਲਈ ਉਤਾਵਲੇ ਹਨ ਅਤੇ ਇਨ੍ਹਾਂ ਢੱਡ ਸਾਰੰਗੀਆਂ ਬਣਨੀਆਂ ਦੇ ਦਿੱਤੀਆਂ ਹਨ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਿਲ ਹੋ ਕੇ ਇਹ ਮਹਿਸੂਸ ਹੋਇਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਬੇੜੀ ’ਚ ਵੱਟੇ – ਪੱਥਰ ਬਾਦਲ ਕੁਨਬੇ ਵੱਲੋਂ ਪਾਏ ਹੋਏ ਸਨ। ਅਕਾਲੀ ਲੀਡਰਸ਼ਿਪ ਕੇਵਲ ਆਪਣੇ ਨਿੱਜੀ ਹਿਤਾਂ ਨਾਲ ਬੱਝੀ ਹੋਈ ਹੈ। ਪੰਜਾਬ ਅਤੇ ਪੰਥ ਦੇ ਨਾਮ ’ਤੇ ਵੋਟਾਂ ਤਾਂ ਹਾਸਲ ਕਰਦੇ ਹਨ ਪਰ ਪੰਥ ਤੇ ਪੰਜਾਬ ਲਈ ਕੋਈ ਗੰਭੀਰਤਾ ਨਹੀਂ ਹੈ। ਹੁਣ ਜਦੋਂ ਕਿ ਭਾਜਪਾ ਅਤੇ ਕੇਂਦਰ ਸਰਕਾਰ ਨੇ ਪੰਜਾਬ ਅਤੇ ਪੰਥ ਨਾਲ ਸਿੱਧਾ ਸੰਬੰਧ ਕਾਇਮ ਕਰ ਲਿਆ ਹੈ ਤਾਂ ਉਨ੍ਹਾਂ ਨੂੰ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਗੰਭੀਰਤਾ ਦਾ ਅਹਿਸਾਸ ਹੋ ਰਿਹਾ ਹੈ। ਉਨ੍ਹਾਂ ਮਲੂਕਾ ਵੱਲੋਂ ਪੂਰੇ ਦੇਸ਼ ਵਿਚ ਅਕਾਲੀ ਦਲ ਦਾ ਝੰਡਾ ਝੂਲਦਾ ਹੋਣ ਬਾਰੇ ਕੀਤੀ ਟਿੱਪਣੀ ’ਤੇ ਵਿਅੰਗ ਕਸਦਿਆਂ ਕਿਹਾ ਕਿ ’ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ, ਦਿਲ ਕੇ ਖੁਸ਼ ਰਖਨੇ ਕੋ ਗ਼ਾਲਿਬ ਯਿਹ ਖਯਾਲ ਅੱਛਾ ਹੈ।