ਅੰਮ੍ਰਿਤਸਰ 21 ਅਪ੍ਰੈਲ ( ਪਵਿੱਤਰ ਜੋਤ ) : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਪੰਜਾਬ ਕੋਲ ਕਿਸੇ ਵੀ ਰਾਜ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਇਸ ਲਈ ਇਕ ਬੂੰਦ ਪਾਣੀ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸਤਲੁਜ ਜਮਨਾ ਲਿੰਕ ਨਹਿਰ ਪੰਜਾਬ ਲਈ ਇਕ ਭਾਵਨਾਤਮਕ ਮੁੱਦਾ ਹੈ। ਇਸ ਨਹਿਰ ਨੂੰ ਰੋਕਣ ਲਈ ਸਿੱਖਾਂ ਨੇ ਆਪਣਾ ਬਹੁਤ ਸਾਰਾ ਖ਼ੂਨ ਡੋਲਿਆ ਹੋਇਆ ਹੈ। ਉਨ੍ਹਾਂ ਯਾਦ ਕਰਾਇਆ ਕਿ ਇੰਦਰਾ ਗਾਂਧੀ ਵੱਲੋਂ 8 ਅਪ੍ਰੈਲ 1982 ਦੌਰਾਨ ਇਸ ਨਹਿਰ ਦੇ ਰਸਮੀ ਉਦਘਾਟਨ ਸਮੇਂ ਕਪੂਰੀ ਤੋਂ ਸ਼ੁਰੂ ਹੋਇਆ ਵਿਰੋਧ, ਧਰਮ ਯੁੱਧ ਮੋਰਚੇ ਵਿਚ ਤਬਦੀਲ ਹੋ ਗਿਆ ਅਤੇ ਜਿਸ ਦਾ ਸੇਕ ਦਿੱਲੀ ਤਕ ਵੀ ਅਪੜਿਆ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਪੰਜਾਬ ਦੀ ਧਰਤੀ ਹੇਠਲਾ ਪਾਣੀ ਲਗਭਗ ਖ਼ਤਮ ਹੋਣ ਦੀ ਕਗਾਰ ’ਤੇ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਪੰਜਾਬ ਦੀ ਖਪਤ ਲਈ ਠੋਸ ਪ੍ਰਬੰਧ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜਾ ਵੀ ਥੋੜ੍ਹਾ ਬਹੁਤ ਪਾਣੀ ਬਚਿਆ ਹੈ ਉਸ ਨਾਲ ਪੰਜਾਬ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਹਨ। ਸੰਤ ਸਮਾਜ ਦੇ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਸਾਡਾ ਛੋਟਾ ਭਰਾ ਹੈ। ਉੱਥੋਂ ਦੇ ਵਸਨੀਕ ਸਾਡੇ ਹੀ ਪਰਿਵਾਰ ਹਨ। ਉਨ੍ਹਾਂ ਦੀਆਂ ਲੋੜਾਂ ਲਈ ਅਸੀਂ ਹਰ ਸਮੇਂ ਉਨ੍ਹਾਂ ਨੂੰ ਸਹਿਯੋਗ ਦਿੱਤਾ ਅਤੇ ਜੇ ਉਹ ਸਾਡਾ ਖ਼ੂਨ ਵੀ ਮੰਗੇ ਤਾਂ ਵੀ ਇਨਕਾਰ ਨਹੀਂ। ਹਰਿਆਣਾ ਅਤੇ ਪੰਜਾਬ ਦੀ ਅਟੁੱਟ ਸਾਂਝ ਨੂੰ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਹਰਿਆਣੇ ਨੂੰ ਪਾਣੀ ਦੀ ਵੱਡੀ ਜ਼ਰੂਰਤ ਦਾ ਸਾਨੂੰ ਅਹਿਸਾਸ ਹੈ, ਪਰ ਇਸ ਜ਼ਰੂਰਤ ਦੀ ਪੂਰਤੀ ਲਈ ਯੋਗ ਪ੍ਰਬੰਧ ਪ੍ਰਤੀ ਕੇਂਦਰ ਸਰਕਾਰ ਆਪਣਾ ਫਰਜ ਨਿਭਾਵੇ। ਤਾਂ ਕਿ ਦੋਹਾਂ ਸੂਬਿਆਂ ਵਿਚ ਸਾਡਾ ਆਪਸੀ ਭਾਈਚਾਰਾ ਤੇ ਏਕਤਾ ਬਣਿਆ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਿਸੇ ਨੂੰ ਲੋੜ ਹੈ ਤਾਂ ਉਸ ਨੂੰ ਮੁੱਲ ਤਾਰਨਾ ਪਵੇਗਾ।ਜੋ ਪੰਜਾਬ ਤੋਂ ਲੰਮੇ ਸਮੇਂ ਤੋਂ ਪਾਣੀ ਲੈ ਰਹੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬਣਦੀ ਰਾਇਲਟੀ ਪੰਜਾਬ ਦੇ ਖ਼ਜ਼ਾਨੇ ਵਿੱਚ ਜਮਾ ਕਰਾਉਣ। ਉਨ੍ਹਾਂ ਬਦਲੇ ਹਲਾਤਾਂ ਵਿਚ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਲਈ ਨਵਾਂ ਟ੍ਰਿਬਿਊਨਲ ਗਠਿਤ ਕਰਨ ਦੀ ਗਲ ਆਖੀ। ਉਨਾਂ ਕਿਹਾ ਕਿ ਪਾਣੀਆਂ ਦੇ ਮਾਮਲੇ ਬਾਰੇ ਅਸੰਵੇਦਨਸ਼ੀਲਤਾ ਕੌਮੀ ਸੁਰੱਖਿਆ ਦੇ ਮੁੱਦੇ ਨੂੰ ਮੁੜ ਸੱਦਾ ਦੇਵੇਗਾ । ਪੰਜਾਬ ਨੂੰ ਮੁੜ ਹਿੰਸਾ ਦੇ ਦੌਰ ’ਚ ਧਕੇਲਣ ਅਤੇ ਰਾਜ ਨੂੰ ਦੁਬਾਰਾ ਖ਼ੂਨ ਡੋਲਣ ਵਰਗੇ ਹਲਾਤਾਂ ਵਿਚ ਝੋਕਣਾ ਦੇਸ਼ ਲਈ ਵੀ ਠੀਕ ਨਹੀਂ ਹੋਵੇਗਾ।