ਅਕਾਲੀ ਦਲ, ਕਾਂਗਰਸ ਤੇ ਸਮਾਜਵਾਦੀ ਪਾਰਟੀ ਨੂੰ ਵੱਡਾ ਝਟਕਾ, ਸਾਬਕਾ ਫੌਜ ਮੁਖੀ ਜਨਰਲ ਜੇ.ਜੇ.ਸਿੰਘ, ਅਜਮੇਰ ਸਿੰਘ ਤੇ ਬਲਰਾਮ ਯਾਦਵ ਨੇ ਫੜਿਆ ਭਾਜਪਾ ਦਾ ਕਮਲ
ਅੰਮ੍ਰਿਤਸਰ /ਚੰਡੀਗੜ੍ਹ, 18 ਜਨਵਰੀ (ਪਵਿੱਤਰ ਜੋਤ ): ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਈ ਵੱਡੇ ਆਗੂਆਂ ਨੇ ਭਾਜਪਾ ਦਾ ਕਮਲ ਫੜ੍ਹਿਆ। ਇਸ ਮੌਕੇ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਏ ਅਜਮੇਰ ਸਿੰਘ ਅਤੇ ਸਾਬਕਾ ਫੌਜ ਮੁਖੀ ਜਨਰਲ ਜੇ ਜੇ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਬਲਰਾਮ ਯਾਦਵ ਸਮੇਤ ਹੋਰਨਾਂ ਸਾਰੀਆਂ ਨੂੰ ਸਿਰੋਪਾਓ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ ਸਮੇਤ ਕਈ ਅਹੁਦੇਦਾਰ ਹਾਜ਼ਰ ਸਨI
ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਅਜਿਹੇ ਸ਼ਰਾਬੀ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਹੈ, ਜੋ ਸੜਕ ਤੋਂ ਲੈ ਕੇ ਸੰਸਦ ਤੱਕ ਨਸ਼ੇ ਵਿੱਚ ਰਹਿੰਦਾ ਹੈ। ਅਜਿਹੇ ਵਿਅਕਤੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਗੇ ਅਤੇ ਅਜਿਹੇ ਵਿਅਕਤੀ ਦੀ ਸੋਚ ਅਤੇ ਨੀਤੀਆਂ ਪੰਜਾਬ ਲਈ ਕੀ ਹੋਣਗੀਆਂ, ਇਹ ਸੋਚ ਕੇ ਵੀ ਦਿਲ ਡਰਦਾ ਹੈ? ਇੱਕ ਨਸ਼ੇੜੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਕੇ ਕੇਜਰੀਵਾਲ ਨੇ ਪੰਜਾਬ ਪ੍ਰਤੀ ਆਪਣੀ ਸੋਚ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਾ ਹੈ, ਜਿਸ ਨੂੰ ਖਤਮ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇੱਕ ਅਜਿਹੇ ਚਿਹਰੇ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਹੈ, ਜੋ ਹਮੇਸ਼ਾ ਸ਼ਰਾਬੀ ਰਹਿੰਦਾ ਹੈ। ਪੰਜਾਬ ਦੇ ਲੋਕ ਨਸ਼ਿਆਂ ਤੋਂ ਅਜ਼ਾਦੀ ਚਾਹੁੰਦੇ ਹਨ, ਨਸ਼ੇੜੀ ਲੀਡਰ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ।
ਡਾ: ਸੁਭਾਸ਼ ਸ਼ਰਮਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਥਲ ਸੈਨਾ ਦੇ ਸਾਬਕਾ ਮੁਖੀ ਤੇ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਗਵਰਨਰ ਅਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਵਿਧਾਨ ਸਭਾ ਚੋਣ ਲੜਨ ਵਾਲੇ ਜਨਰਲ ਜੇ.ਜੇ. ਸਿੰਘ (ਪਟਿਆਲਾ), ਸਾਬਕਾ ਵਿਧਾਇਕ ਸ਼ਰਨਜੀਤ ਢਿੱਲੋਂ ਦੇ ਛੋਟੇ ਭਰਾ ਪੰਜਾਬ ਮਿਲਕ ਫੈਡ ਦੇ ਚੇਅਰਮੈਨ ਅਜਮੇਰ ਸਿੰਘ (ਲੁਧਿਆਣਾ), ਐਨ.ਐਸ.ਯੂ.ਆਈ ਦੇ ਸਾਬਕਾ ਸੂਬਾ ਮੰਤਰੀ ਅਤੇ ਯੂਥ ਵਿਕਾਸ ਬੋਰਡ ਪੰਜਾਬ ਦੇ ਜਨਰਲ ਸਕੱਤਰ ਕਰਨ ਲਹਿਲ (ਮਾਨਸਾ), ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਜਥੇਬੰਦਕ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਐਡਵੋਕੇਟ ਸੁਰਿੰਦਰਪਾਲ ਸਿੰਘ ਆਹਲੂਵਾਲੀਆ (ਚੰਡੀਗੜ੍ਹ), ਰਣਵੀਰ ਕਾਲਜ ਸੰਗਰੂਰ ਦੇ ਪ੍ਰਧਾਨ ਵਿਸ਼ਾਲ (ਸੰਗਰੂਰ), ਸੰਗਰੂਰ ਦੇ ਸਮੂਹ ਸਕੂਲਾਂ ਦੇ ਪ੍ਰਧਾਨ ਗੁਰਵਿੰਦਰ ਸਿੰਘ (ਸੰਗਰੂਰ), ਸਾਬਕਾ ਡੀਜੀਪੀ ਸੀਆਰਪੀਐਫ ਅਤੇ ਆਈ.ਜੀ.ਪੀ. ਕਸ਼ਮੀਰ ਅਤੇ ਐਸ.ਪੀ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਅਤੇ ਡੀ.ਟੀ.ਈ. ਆਫ਼ ਰੈਵੇਨਿਊ ਇੰਟੈਲੀਜੈਂਸ ਦੇ ਐਸ.ਪੀ. ਐੱਸ. ਐਸ. ਸੰਧੂ (ਪਟਿਆਲਾ), ਆਲ ਇੰਡੀਆ ਸਮਾਜਵਾਦੀ ਪਾਰਟੀ ਦੇ ਸਾਬਕਾ ਯੂਥ ਜਨਰਲ ਸਕੱਤਰ ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਪੂਰਵਾਂਚਲ ਉੜੀਸਾ ਅਤੇ ਮੱਧ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੇ ਇੰਚਾਰਜ ਬਣ 2003 ਦੀਆਂ ਵਿਧਾਨ ਸਭਾ ਚੋਣਾਂ ਵਿੱਚ 8 ਸੀਟਾਂ ਜਿੱਤਾਉਨ ਅਤੇ ਬਿਹਾਰ ਵਿੱਚ ਇੰਚਾਰਜ ਬਣ 2004 ਵਿੱਚ 5. ਸੀਟ ਜਿਤਾਉਣ ਵਾਲੇ ਬਲਰਾਮ ਸਿੰਘ ਯਾਦਵ ਅਤੇ ਸਮਾਜ ਸੇਵੀ ਅਮਰਜੀਤ ਸਿੰਘ (ਮੁਹਾਲੀ) ਆਪਣੇ ਸਾਥੀਆਂ ਸਮੇਤ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਇਹਨਾਂ ਨੂੰ ਪਾਰਟੀ ਵਿੱਚ ਬੰਦਾ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾI ਉਧਰ ਭਾਜਪਾ ‘ਚ ਸ਼ਾਮਲ ਹੋਏ ਸਾਰੇ ਆਗੂਆਂ ਨੇ ਕੇਂਦਰੀ ਅਤੇ ਸੋਬਾਈ ਲਿਦਾਰ੍ਸ਼ਿਪ ਵਲੋਂ ਉਹਨਾਂ ‘ਤੇ ਜਤਾਏ ਭਰੋਸੇ ‘ਤੇ ਖਰਾ ਉਤਰਨ ਦੀ ਗੱਲ ਕਹੀI