ਸਿੱਖ ਨੌਜਵਾਨ ਪਤਿਤਪੁਣੇ ਅਤੇ ਨਸ਼ਿਆਂ ਨੂੰ ਛੱਡ ਕੇ ਆਪਣੇ ਹੱਕ ਅਤੇ ਫਰਜ਼ ਪ੍ਰਤੀ ਸੁਚੇਤ ਹੋਣ : ਢੋਟ, ਸੇਖੋਂ
ਅੰਮ੍ਰਿਤਸਰ 10 ਮਈ (ਪਵਿੱਤਰ ਜੋਤ) : ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੀ ਇੱਕ ਮਹੱਤਵਪੂਰਨ ਮੀਟਿੰਗ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਈ ਜਿਸ ਵਿੱਚ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਭਾਈ ਲਖਬੀਰ ਸਿੰਘ ਸੇਖੋਂ ਉਚੇਚੇ ਤੌਰ ਤੇ ਪਹੁੰਚੇ।
ਇਸ ਮੌਕੇ ਜਥੇਬੰਦੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਲਹਿਰ ਦੇ ਤਹਿਤ ਭਾਈ ਜੋਬਨਜੀਤ ਸਿੰਘ ਨੂੰ ਸਿੱਖ ਫੈਡਰੇਸ਼ਨ (ਮਹਿਤਾ) ਦੀ ਬਟਾਲਾ ਇਕਾਈ ਦਾ ਪ੍ਰਧਾਨ ਥਾਪਿਆ। ਮੀਟਿੰਗ ਵਿੱਚ ਫੈਡਰੇਸ਼ਨ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਫੈਡਰੇਸ਼ਨ ਮਹਿਤਾ ਸਹੀਦਾਂ ਦੀ ਉਹ ਜਥੇਬੰਦੀ ਹੈ ਜਿਸ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਸਰਪ੍ਰਸਤੀ ਹੇਠ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉੱਘੇ ਯਤਨ ਕੀਤੇ ਹਨ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਣਾ ਦਿੰਦਿਆ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਿੱਖ ਨੌਜਵਾਨ ਨਸ਼ੇ ਦਾ ਤਿਆਗ ਕਰ ਕੇ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਇਤਿਹਾਸ ਅਤੇ ਵਿਰਸੇ ਨੂੰ ਸੰਭਾਲਣ ਲਈ ਅੱਗੇ ਆਏ।
ਇਸ ਮੌਕੇ ਫੈਡਰੇਸ਼ਨ ਦੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਨੇ ਨੌਜਵਾਨਾਂ ਨੂੰ ਮੁਖਾਤਬ ਹੁੰਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਜਿਹੜੀ ਕੌਮ ਦੀ ਨੌਜਵਾਨੀ ਆਪਣੇ ਹੱਕਾਂ ਅਤੇ ਫ਼ਰਜਾਂ ਪ੍ਰਤੀ ਸੁਚੇਤ ਹੋਵੇ ਉਹ ਕੌਮ ਦਾ ਭਵਿੱਖ ਸੁਨਹਿਰੀ ਹੁੰਦਾ ਹੈ। ਅਜੋਕੇ ਸਮੇਂ ਵਿਚ ਕੌਮ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ, ਇਹ ਲਈ ਸਿੱਖ ਨੌਜਵਾਨ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਸੰਵੇਦਨਸ਼ੀਲ ਹੋਣ।
ਨਵ ਨਿਯੁਕਤ ਪ੍ਰਧਾਨ ਭਾਈ ਜੋਬਨਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਨਿਯੁਕਤੀ ਲਈ ਫੈਡਰੇਸ਼ਨ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ ਅਤੇ ਨਾਲ ਹੀ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।