ਪੰਥ ਅਤੇ ਪੰਥਕ ਸੰਸਥਾਵਾਂ ਪ੍ਰਤੀ ਕਿਸੇ ਵੀ ਸਿੱਖ ਦੀ ਫ਼ਿਕਰਮੰਦੀ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਨਹੀਂ
ਸ਼੍ਰੋਮਣੀ ਕਮੇਟੀ ਅਕਾਲੀ ਲੀਡਰਸ਼ਿਪ ਦੀ ਕਠਪੁਤਲੀ ਬਣਨ ਦੀ ਥਾਂ ਵਿਸ਼ਵ ਭਰ ’ਚ ਸਿੱਖੀ ਸਰੋਕਾਰਾਂ ਪ੍ਰਤੀ ਵੱਡੀ ਭੂਮਿਕਾ ਨਿਭਾਵੇ
ਅੰਮ੍ਰਿਤਸਰ, 16 ਨਵੰਬਰ (ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਕਾਲੀ ਆਗੂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਭਾਜਪਾ ਖ਼ਿਲਾਫ਼ ਝੂਠੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਸਵੈ-ਪੜਚੋਲ ਕਰਨ ਕਿ ਉਹ ਕਿੱਥੇ ਗ਼ਲਤ ਹਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਉਨ੍ਹਾਂ ਨੂੰ ਕਿਉਂ ਛੱਡ ਰਹੇ ਹਨ।
ਪ੍ਰੋ. ਸਰਚਾਂਦ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਆਰਐਸਐਸ ਮੁਖੀ ਸ੍ਰੀ ਮੋਹਨ ਭਾਗਵਤ ਨੂੰ ਲਿਖੇ ਗਏ ਪੱਤਰ ‘ਤੇ ਟਿੱਪਣੀ ਕਰਦਿਆਂ ਇਸ ਨੂੰ ਬਾਦਲ ਦਲ ਦੀ ਫਿਰਕੂ ਸੋਚ ਤਹਿਤ ਹਿੰਦੂ ਅਤੇ ਸਿੱਖਾਂ ਵਿੱਚ ਨਫਰਤ ਪੈਦਾ ਕਰਨ ਦੀ ਘਿਣਾਉਣੀ ਸਾਜ਼ਿਸ਼ ਕਰਾਰ ਦਿੱਤਾ। ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਬੇਲੋੜੀ ਦਖਲਅੰਦਾਜ਼ੀ ਬਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਜਿੱਥੋਂ ਤੱਕ ਭਾਜਪਾ ਦੀ ਦਖਲਅੰਦਾਜ਼ੀ ਦਾ ਤਾਂ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਮਜ਼ਬੂਤਹੋਵੇ ਅਤੇ ਸੁਤੰਤਰ ਅਤੇ ਲੋਕਤੰਤਰੀ ਢੰਗ ਨਾਲ ਕੰਮ ਕਰੇ।” ਪੰਥ ਅਤੇ ਪੰਥਕ ਸੰਸਥਾਵਾਂ ਪ੍ਰਤੀ ਕਿਸੇ ਵੀ ਸਿੱਖ ਦੀ ਚਿੰਤਾ ਅਤੇ ਚਿੰਤਨ ਦੀ ਫ਼ਿਕਰਮੰਦੀ ਨੂੰ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਨਹੀਂ ਕਿਹਾ ਜਾ ਸਕਦਾ। ਸਿੱਖ ਸੰਗਤਾਂ ਬਾਦਲਕਿਆਂ ਵੱਲੋਂ ਕੀਤੇ ਗਏ ਧਾਰਮਿਕ ਗੁਨਾਹਾਂ ਤੋਂ ਭਲੀ ਭਾਂਤ ਜਾਣੂ ਹਨ, ਭਾਜਪਾ ਦੇ ਖ਼ਿਲਾਫ਼ ਗੁਮਰਾਹ ਕੁਨ ਪ੍ਰਚਾਰ ਕਰਕੇ ਆਪਣੀ ਸਿਆਸੀ ਅਸਤਿਤਵ ਮੁੜ ਬਹਾਲ ਕਰਨ ਦੀ ਬਾਦਲਕਿਆਂ ਦੀ ਖਵਾਇਸ਼ ਪੂਰੀ ਨਹੀਂ ਹੋਵੇਗੀ। ਉਨ੍ਹਾਂ ਕਹਾ ਕੇ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਅਗਵਾਈ ਵਿੱਚ ਲੰਮੇ ਸਮੇਂ ਤੋਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਤੇ ਲੱਗੀ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਬਿਨ ਮੰਗਿਆਂ ਮੁਆਫੀ ਦਿਵਾਉਣ, ਉਸ ਨੂੰ ਉਚਿੱਤ ਤੇ ਪੰਥ ਦੇ ਹਿੱਤਾਂ ਚ ਦਿਖਾਉਣ ਲਈ 90 ਲੱਖ ਦੀ ਇਸ਼ਤਿਹਾਰਬਾਜ਼ੀ, ਬੇਅਦਬੀਆਂ ਦੇ ਮਾਮਲਿਆਂ ਵਿੱਚ ਪੰਥ ਦੇ ਵਿਪਰੀਤ ਜਾਣ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਗੁੰਮਸ਼ੁਦਗੀ ਬਾਰੇ ਸਿੱਖ ਪੰਥ ਨੂੰ ਅੱਜ ਤਕ ਇਨਸਾਫ਼ ਨਾ ਦੇਣ ਵਾਲੇ ਕਰਮ, ਕੀ ਇਹ ਪੰਥ ਹਿਤੈਸ਼ੀਆਂ ਵਾਲੇ ਹਨ?
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਰੋਸਾਈ ਗਈ ਸਿੱਖਾਂ ਦੀ ਪੰਥਕ ਰਾਜਨੀਤਕ ਪਾਰਟੀ ਸੀ, ਜਿਸ ਨੂੰ ਬਾਦਲਕਿਆਂ ਨੇ ਆਪਣੇ ਪਰਿਵਾਰਕ ਅਤੇ ਕਾਰੋਬਾਰੀ ਹਿਤਾਂ ਲਈ ਫਰਵਰੀ 1996ਵਿਚ ਮੋਗਾ ਵਿਖੇ ਅਕਾਲੀ ਦਲ ਦੀ 75 ਵਰ੍ਹੇਗੰਢ ਦੀ ਕਾਨਫ਼ਰੰਸ ਦੌਰਾਨ ਗੈਰ ਪੰਥਕ ਘੋਸ਼ਿਤ ਕਰਦਿਆਂ ਪੰਥ ਤੋਂ ਸਿਆਸੀ ਜਥੇਬੰਦੀ ਖੋਹ ਲਈ । ਪੰਥਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦਿੰਦਿਆਂ ਅਕਾਲੀ ਦਲ ਦਾ ਸਰੂਪ ਅਤੇ ਸੁਭਾਅ ਬਦਲ ਦੇਣ ਦਾ ਫ਼ੈਸਲਾ ਪੰਥ ਨਾਲ ਇਕ ਵੱਡਾ ਧੋਖਾ ਸੀ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਦੂਜੀਆਂ ਦੀ ਤਰਾਂ ਇਕ ਰਾਜਨੀਤਿਕ ਪਾਰਟੀ ਹੈ। ਇਸ ਵਿਚ ਪੰਥਕ ਪਾਰਟੀ ਵਾਲੀ ਕੋਈ ਗਲ ਨਹੀਂ ਰਹੀ। ਇਹ ਚੋਣ ਕਮਿਸ਼ਨ ਕੋਲ ਇਕ ਰਾਜਨੀਤਿਕ ਪਾਰਟੀ ਵਜੋਂ ਨਾ ਕੇਵਲ ਦਰਜ ਹੈ। ਸਗੋਂ ਦੋ ਸੰਵਿਧਾਨ ਰੱਖਣ ਕਾਰਨ ਅਦਾਲਤੀ ਕਟਹਿਰਿਆਂ ’ਚ ਵੀ ਖੜ੍ਹਾ ਹੈ। ਕੀ ਇਹ ਸੱਚ ਨਹੀਂ ਕਿ ਅਕਾਲੀ ਦਲ ਦੀਆਂ ਅਤੀਤ ਦੀਆਂ’’ਸੌਦੇਬਾਜ਼ੀਆਂ’’ਪੰਥ ਦੀ ਬਜਾਏ ਬਾਦਲ ਅਤੇ ਉਸ ਦੇ ਕੁਨਬੇ ਦੇ ਹਿਤਾਂ ’ਤੇ ਨਿਰਭਰ ਕਰਦੀ ਸੀ। ਹਰਿਆਣਾ ਕਮੇਟੀ ਦਾ ਗਠਨ ਉੱਥੋਂ ਦੇ ਸਿੱਖਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤੇ ਜਾਣ ਦਾ ਨਤੀਜਾ ਨਹੀਂ?।
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਬਾਦਲਕਿਆਂ ਨੇ ਆਪਣੇ ਗੁਨਾਹਾਂ ’ਤੇ ਕਦੀ ਵੀ ਪਛਤਾਵਾ ਨਹੀਂ ਕੀਤਾ ਜਿਸ ਕਰਕੇ ਸਿੱਖ ਸੰਗਤਾਂ ਨੇ ਵੀ ਉਨ੍ਹਾਂ ਤੋਂ ਮੂੰਹ ਮੋੜ ਲਿਆ ਹੈ। ਸਗੋਂ 2017 , 22 ਦੀਆਂ ਵਿਧਾਨਸਭਾ ਚੋਣਾਂ ਅਤੇ ਸੰਗਰੂਰ ਲੋਕ ਸਭਾ ਦੀ ਉਪ ਚੋਣ ਵਿੱਚ ਕਰਾਰੀ ਹਾਰ ਦੇ ਕੇ ਉਨ੍ਹਾਂ ਨੂੰ ਮਧੋਲ਼ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਸਿੱਖ ਪੰਥ ਨਾਲ ਕੀਤੇ ਗਏ ਧ੍ਰੋਹ ਕਾਰਨ ਬਾਦਲ ਕੁਨਬਾ ਅਮਰੀਕਾ ਕੈਨੇਡਾ ਜਾਂ ਯੂਰਪੀਅਨ ਦੇਸ਼ਾਂ ਦਾ ਜਨਤਕ ਦੌਰਾ ਕਰਨ ਜਾਂ ਉੱਥੇ ਕਿਸੇ ਵੀ ਗੁਰਦੁਆਰੇ ਵਿਚ ਕਿਸੇ ਇਕੱਠ ਨੂੰ ਸੰਬੋਧਨ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਹੈ। ਪੰਥ ਦੇ ਵਧੇਰੇ ਹਿਤਾਂ ਲਈ ਸ਼੍ਰੋਮਣੀ ਕਮੇਟੀ ’ਤੇ ਰਾਜਨੀਤਿਕ ਲੀਡਰਸ਼ਿਪ ਦੇ ਦਬਦਬੇ ਨੂੰ ਖ਼ਤਮ ਕਰਨ ਵਲ ਕਦਮ ਪੁੱਟੇ ਜਾਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੇਵਲ ਇਕ ਪ੍ਰਬੰਧਕੀ ਸੰਸਥਾ ਨਹੀਂ ਹੈ। ਬਲਕਿ ਇਹ ਵਿਸ਼ਵ-ਵਿਆਪੀ ਲੋਕਤੰਤਰੀ ਧਾਰਮਿਕ ਮੰਚ ਵੀ ਹੈ। ਪੰਥ ਦੀਆਂ ਧਾਰਮਿਕ ਕਦਰਾਂ ਕੀਮਤਾਂ, ਵਿਰਾਸਤ ਅਤੇ ਧਰਮ ਦੀ ਰਾਖੀ ਲਈ ਲੜਨ ਦਾ ਲੰਮਾ ਇਤਿਹਾਸ ਹੈ। ਪਰ ਅਫ਼ਸੋਸ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਆਪਣੀ ਵਿਸ਼ਵ ਵਿਆਪੀ ਭੂਮਿਕਾ ਨੂੰ ਗੁਆਉਂਦਾ ਜਾ ਰਿਹਾ ਹੈ। ਕਈ ਕਮਜ਼ੋਰੀਆਂ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਸਭ ਤੋਂ ਉੱਤਮ ਜਮਹੂਰੀ ਸੰਸਥਾ ਹੋਣ ਨਾਤੇ ਇਸ ਨੂੰ ਅਕਾਲੀ ਲੀਡਰਸ਼ਿਪ ਦੀ ਕਠਪੁਤਲੀ ਬਣਨ ਦੀ ਥਾਂ ਵਿਸ਼ਵ ਭਰ ’ਚ ਸਿੱਖੀ ਸਰੋਕਾਰਾਂ ਪ੍ਰਤੀ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਾਲਾਂ ਬੱਧੀ ਇਸ ਸੰਸਥਾ ਨੇ ਇਹ ਭੂਮਿਕਾ ਨਿਭਾਈ ਹੈ, ਹੁਣ ਪੇਤਲੀ ਪੈ ਚੁੱਕੀ ਇਸ ਭੂਮਿਕਾ ਪ੍ਰਤੀ ਨਵੀਂ ਸ਼ੁਰੂਆਤ ਕਰਨ ਦੀ ਲੋੜ ਹੈ।