ਅੰਮ੍ਰਿਤਸਰ 13 ਅਕਤੂਬਰ (ਪਵਿੱਤਰ ਜੋਤ) ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਸਪੋਕਸਮੈਨ ਕੁਲਦੀਪ ਸਿੰਘ ਕਾਹਲੋਂ ਦੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕਿ ਪਾਕਿਸਤਾਨ ਸਥਿਤ ਪੰਜਾਬ ਯੂਨੀਵਰਸਿਟੀ ਲਾਹੌਰ (ਅੱਲਾਮਾ ਇਕਬਾਲ ਕੈਂਪਸ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖੋਜ (ਪੀ.ਐੱਚ.ਡੀ.) ਕਰ ਰਹੀ ਇਕ ਲੜਕੀ ਨੂੰ ਅਖੌਤੀ ਵਿਦਵਾਨ ਹਰਜਿੰਦਰ ਦਿਲਗੀਰ ਗੁੰਮਰਾਹ ਕਰ ਰਿਹਾ ਹੈ। ਉਸ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਗੁਮਰਾਹਕੁਨ ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨਾਂ ਸ਼੍ਰੋਮਣੀ ਕਮੇਟੀ ਨੂੰ ਦਿਲਗੀਰ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ’ਤੇ ਜ਼ੋਰ ਦਿਤਾ ਅਤੇ ਕਿਹਾ ਕਿ ਉਸ ਨੇ ਬੇਸ਼ਰਮੀ ਦੀਆਂ ਹੱਦਾਂ ਟੱਪ ਕੇ ਸਿੱਖੀ ਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ ਦਾ ਸ਼ਰਮਨਾਕ ਕਾਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਦਿਲਗੀਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਖੋਜ ਕਾਰਜ ਕਰ ਰਹੀ ਮੁਸਲਿਮ ਲੜਕੀ ਦੁਆ ਫਾਤਿਮਾ ਨੂੰ ਸਤਿਕਾਰਯੋਗ ਜਥੇਦਾਰ ਸਾਹਿਬ ਵੱਲੋਂ ਸਰੂਪ ਪ੍ਰਕਾਸ਼ਿਤ ਕਰਨ ਤੋਂ ਰੋਕਣ ਦਾ ਝੂਠਾ ਪ੍ਰਾਪੇਗੰਡਾ ਕੀਤਾ ਗਿਆ ਅਤੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਨਫ਼ਰਤ ਭਰਿਆ ਗ਼ਲਤ ਪੋਸਟ ਪਾਇਆ ਗਿਆ। ਇੱਥੋਂ ਤਕ ਕਿ ਨਿੰਦਕ ਦਿਲਗੀਰ ਨੇ ਲਾਹੌਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪਾਕਿਸਤਾਨ ਦੇ ਕੁਝ ਹਾਕਮਾਂ ਨੂੰ ਵੀ ਫ਼ੋਨ ਕਰ ਕੇ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਦਿਲਗੀਰ ਸਿੱਖੀ ਦੀ ਆੜ ਵਿੱਚ ਹਰ ਪੱਖ ਤੋਂ ਕੌਮ ਦਾ ਨੁਕਸਾਨ ਕਰਨ ਦੀ ਸੋਚਦਾ ਰਹਿੰਦਾ ਹੈ। ਦਿਲਗੀਰ ਦਾ ਮਾਨਸਿਕ ਸੰਤੁਲਨ ਵਿਗੜਿਆ ਜਾਪਦਾ ਹੈ। ਜੋ ਆਪਣੀ ਪਤਿਤ ਮਾਨਸਿਕਤਾ ਨੂੰ ਆਪਣੀ ਭਾਸ਼ਾ ਰਾਹੀਂ ਪ੍ਰਗਟ ਕਰ ਰਿਹਾ ਹੈ। ਦਿਲਗੀਰ ਸਿੱਖ ਸਿਧਾਂਤਾਂ ਅਤੇ ਅਹਿਮ ਸ਼ਖਸੀਅਤਾਂ ਵਿਰੁੱਧ ਜ਼ਹਿਰ ਉਗਲਿਆ ਜਾ ਰਿਹਾ ਹੈ ਅਤੇ ਕੁਫ਼ਰ ਨੂੰ ਬੇਸ਼ਰਮੀ ਨਾਲ ਤੋਲਿਆ ਜਾ ਰਿਹਾ ਹੈ। ਗੁਰੂ ਪੰਥ ਅਤੇ ਪੰਥਕ ਸੰਸਥਾਵਾਂ ਦਾ ਵਿਰੋਧ ਕਰਨ ਵਾਲਿਆਂ ਵਿੱਚ ਕਿੰਨੀ ਨਫ਼ਰਤ ਹੈ, ਇਹ ਦਿਲਗੀਰ ਦੀ ਲਿਖਤ ਅਤੇ ਲਿਖਣ ਦੇ ਢੰਗਾਂ ਤੋਂ ਪਤਾ ਲੱਗ ਜਾਵੇਗਾ। ਜਿਸ ਬਾਰੇ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮਾਣਯੋਗ ਜਥੇਦਾਰ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?