ਅਕਾਲੀਆਂ ਦਾ ਰੋਸ ਮਾਰਚ ਇਕ ਵਿਸ਼ੇਸ਼ ਪਰਿਵਾਰ ਨੂੰ ਪੰਥ ਦਾ ਸਰਵੋ ਸਰਵਾ ਬਣਾਈ ਰੱਖਣ ਪ੍ਰਤੀ ਢਕਵੰਜ : ਪ੍ਰੋ: ਸਰਚਾਂਦ ਸਿੰਘ ਖਿਆਲਾ

0
13

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜ਼ਿਲ੍ਹਾ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਦੇ ਰੁਤਬੇ ਨੂੰ ਘਟਾਇਆ
ਅੰਮ੍ਰਿਤਸਰ 4 ਅਕਤੂਬਰ ( ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਕਮੇਟੀ ਦੀ ਅਗਵਾਈ ’ਚ ਕੱਢੇ ਗਏ ਅਕਾਲੀਆਂ ਦੇ ਰੋਸ ਮਾਰਚ ਨੂੰ ਇਕ ਵਿਸ਼ੇਸ਼ ਪਰਿਵਾਰ ਨੂੰ ਸਿੱਖ ਪੰਥ ਦਾ ਸਰਵੋ ਸਰਵਾ ਬਣਾਈ ਰੱਖਣ ਲਈ ਸਿਰਜਿਆ ਗਿਆ ਢਕਵੰਜ ਕਰਾਰ ਦਿੱਤਾ ।
ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਨੂੰ ਪੰਥ ਵਿਚ ਦੁਫੇੜ ਵਜੋਂ ਪੇਸ਼ ਕਰਨ ਦੀ ਥਾਂ ਅਕਾਲੀਆਂ ਨੂੰ ਇਸ ਬਾਰੇ ਪੰਥ ਦੀ ਕਚਹਿਰੀ ’ਚ ਸਿਰ ਜੋੜ ਕੇ ਬੈਠਦਿਆਂ ਹੱਲ ਲੱਭਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਵਿਸ਼ੇਸ਼ ਅਤੇ ਪਰਿਵਾਰ ਦੀ ਖ਼ੁਸ਼ਾਮਦ ਲਈ ਪੰਥਕ ਸਾਧਨਾਂ ਦੀ ਦੁਰਵਰਤੋਂ ਨੈਤਿਕ ਪਤਨ ਦਾ ਲਖਾਇਕ ਹੈ। ਹਰਿਆਣਾ ਕਮੇਟੀ ਨੂੰ ਲੈ ਕੇ ਲੋਕ ਲਹਿਰ ਨਹੀਂ ਬਣਾ ਸਕੀ। ਸੰਗਤ ਵੱਲੋਂ ਹੁੰਗਾਰਾ ਨਾ ਮਿਲਣ ਕਰਕੇ ਹੀ ਅਕਾਲੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਰੋਸ ਮਾਰਚ ’ਚ ਸ਼ਾਮਿਲ ਕੀਤਾ ਗਿਆ। ਜਿਸ ਨਾਲ ਸ਼੍ਰੋਮਣੀ ਕਮੇਟੀ ਦੇ ਨਿਤਾ ਪ੍ਰਤੀ ਦੇ ਕੰਮ ਕਾਜ ਵਿਚ ਖੜੋਤ ਆਈ। ਮੁਲਾਜ਼ਮ ਬਿਨਾ ਤਨਖ਼ਾਹ ਛੁੱਟੀ ਲੈ ਕੇ ਇਸ ਮਾਰਚ ’ਚ ਸ਼ਾਮਿਲ ਨਹੀਂ ਹੋਏ ਇਸ ਲਈ ਅੱਜ ਦੀ ਤਨਖ਼ਾਹ ਉਨ੍ਹਾਂ ਨੂੰ ਗੁਰੂ ਦੇ ਖ਼ਜ਼ਾਨੇ ਵਿਚੋਂ ਮਿਲਣੀ ਹੈ। ਉਨ੍ਹਾਂ ਅਕਾਲੀਆਂ ਨੂੰ ਹਰਿਆਣਾ ਕਮੇਟੀ ਦੀ ਸਥਿਤੀ ਕਿਉਂ ਆਈ ਬਾਰੇ ਸੋਚਣ ਲਈ ਕਿਹਾ।
ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਕ ਮੰਗ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਜਾਣ ਨੂੰ ਪੰਥ ਦੀ ਸਿਰਮੌਰ ਸੰਸਥਾ ਸਿੱਖ ਪਾਰਲੀਮੈਂਟ ਦੇ ਰੁਤਬੇ ਦਾ ਅਪਮਾਨ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਇਕ ਉਹ ਸਮਾਂ ਸੀ ਜਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਕਮੇਟੀ ਦੇ ਕਿਸੇ ਆਰਥਿਕ ਮਸਲੇ ਨੂੰ ਲੈ ਕੇ ਕੇਂਦਰੀ ਵਿੱਤ ਮੰਤਰੀ ਡਾ: ਮਨਮੋਹਨ ਸਿੰਘ ਨੂੰ ਮਿਲਣ ਗਏ ਤਾਂ ਜਿਵੇਂ ਹੀ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਆਮਦ ਬਾਰੇ ਪਤਾ ਲਗਾ, ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਰੁਤਬੇ ਦਾ ਸਤਿਕਾਰ ਸਨਮਾਨ ਕਰਦਿਆਂ ਆਪ ਖ਼ੁਦ ਦਫ਼ਤਰ ਤੋਂ ਉੱਠ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਸਵਾਗਤ ਕਰਨ ਲਈ ਅੱਗੇ ਆਏ। ਅੱਜ ਅਕਾਲੀ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਨਮਾਨ ਨੂੰ ਇੱਥੋਂ ਤਕ ਢਾਹ ਲਾਈ ਜਾ ਰਹੀ ਹੈ ਕਿ ਬਤੌਰ ਪ੍ਰਧਾਨ ਖ਼ੁਦ ਜ਼ਿਲ੍ਹਾ ਅਧਿਕਾਰੀ (ਡੀ ਸੀ) ਕੋਲ ਪਹੁੰਚਿਆ ਜਾ ਰਿਹਾ ਹੈ। ਜਦਕਿ ਜ਼ਿਲ੍ਹਾ ਉੱਚ ਅਧਿਕਾਰੀ ਖ਼ੁਦ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਾਂ ਸ਼੍ਰੋਮਣੀ ਕਮੇਟੀ ਸਕੱਤਰਾਂ ਕੋਲ ਚੱਲ ਕੇ ਸ਼ਹਿਰ ਦੇ ਪ੍ਰਬੰਧਕੀ ਕਾਰਜਾਂ ਲਈ ਸਹਿਯੋਗ ਮੰਗਦੇ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਵਿੱਚ ਕੋਈ ਲੜਾਈ ਜਾਂ ਮੱਤਭੇਦ ਨਹੀਂ ਹੈ, ਜੇਕਰ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਵਾਲੇ ਅਕਾਲੀਆਂ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਅੱਜ ਹੀ ਪੰਥ ਵਿੱਚ ਏਕਤਾ ਕਾਇਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਜਾਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਇੱਕ ਪਰਿਵਾਰ ਵੱਲੋਂ ਸਿੱਖ ਸੰਸਥਾਵਾਂ ਨੂੰ ਨਿੱਜੀ ਜਾਗੀਰ ਸਮਝ ਕੇ ਦੁਰ ਵਰਤੋਂ ਪ੍ਰਤੀ ਸ਼ਿਕਾਇਤ ਹੈ। ਉਨ੍ਹਾਂ ਕਿਹਾ ਕਿ ਸੰਗਤ ਸਚਾਈ ਜਾਣ ਚੁੱਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਦਿੱਲੀ ਕਮੇਟੀ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਜੰਮੂ ਕਸ਼ਮੀਰ ਸਮੇਤ ਵੱਖ-ਵੱਖ ਸਥਾਨਕ ਗੁਰਦੁਆਰਾ ਕਮੇਟੀਆਂ ਦੀ ਪਹਿਲਾਂ ਹੀ ਹੋਂਦ ’ਚ ਹੋਣ ਦੇ ਬਾਵਜੂਦ ਜੇਕਰ ਹਰਿਆਣਾ ਦੀਆਂ ਸੰਗਤਾਂ ਦੀ ਮੰਗ ‘ਤੇ ਅੱਜ ਕਾਨੂੰਨੀ ਤੌਰ ‘ਤੇ ਹਰਿਆਣਾ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਇਸ ਨਾਲ ਪੰਥ ਕਿਵੇਂ ਵੰਡਿਆ ਗਿਆ ? ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਨੂੰ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਰਿਵਾਰ ਦੀ ਨਹੀਂ ਸਗੋਂ ਪੰਥ ਦੀ ਚਿੰਤਾ ਕਰਨ ਦੀ ਲੋੜ ਹੈ। ਸਿੱਖ ਪੰਥ ਅੱਜ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਨੌਜਵਾਨ ਪੀੜ੍ਹੀ ਭਟਕ ਰਹੀ ਹੈ, ਉਨ੍ਹਾਂ ਦਾ ਵਿਦੇਸ਼ਾਂ ਵਿੱਚ ਤੇਜ਼ੀ ਨਾਲ ਪ੍ਰਵਾਸ ਕਈ ਸਮਾਜਿਕ ਸਮੱਸਿਆਵਾਂ ਨੂੰ ਜਨਮ ਦੇਵੇਗਾ। ਵਿਦੇਸ਼ੀ ਤਾਕਤਾਂ ਦੀ ਸ਼ਹਿ ’ਤੇ ਨੌਜਵਾਨਾਂ ਨੂੰ ਭੜਕਾਉਣ ਵਿਰੁੱਧ ਕਮਰ ਕਸਾ ਕਰਨ ਦੀ ਬਹੁਤ ਲੋੜ ਹੈ। ਤਾਂ ਜੋ ਕਿਸੇ ਵੀ ਤਰ੍ਹਾਂ ਦੇ ਦੁਖਾਂਤ ਤੋਂ ਬਚਿਆ ਬਚਾਇਆ ਜਾ ਸਕੇ।

NO COMMENTS

LEAVE A REPLY